01 June 2025

UTUC ਯੂਨੀਅਨ ਆਈ ਖੁੱਲ੍ਹ ਕੇ ਮੋਹਾਲੀ ਦੇ ਫ਼ੂਡ ਵੈਂਡਰਜ਼ ਨਾਲ

From  Simrandeep Singh on Saturday 31st May 2025 at 10:56 AM Regarding Street Vendors

ਸਮੱਸਿਆਵਾਂ ਦੂਰ ਕਰਨ ਲਈ ਬਣਾਈ ਰਣਨੀਤੀ 

*ਯੂਨਾਇਟੇਡ ਟ੍ਰੇਡ ਯੂਨੀਅਨ ਕਾਂਗਰਸ (UTUC) ਮੋਹਾਲੀ ਵੱਲੋਂ ਮਹੱਤਵਪੂਰਨ ਮੀਟਿੰਗ। 

*ਫ਼ੂਡ ਵੈਂਡਰਜ਼ ਵੱਲੋਂ ਵੀ ਯੂਨਾਈਟਡ ਟ੍ਰੇਡ ਯੂਨੀਅਨ 'ਤੇ ਭਰੋਸਾ ਜਤਾਇਆ ਗਿਆ। 

*ਉਮੀਦ ਜਤਾਈ ਕਿ ਹੁਣ ਹੋਵੇਗਾ ਸਾਡੀਆਂ ਸਮੱਸਿਆਵਾਂ  ਦਾ ਹੱਲ। 


ਮੋਹਾਲੀ
: (ਸਿਮਰਨਦੀਪ ਸਿੰਘ//ਸੁਰਿੰਦਰ ਬਾਵਾ//ਮੋਹਾਲੀ ਸਕਰੀਨ ਡੈਸਕ):: 
ਰੇਹੜੀ ਫੜ੍ਹੀ ਵਾਲੇ ਛੋਟੇ ਛੋਟੇ ਦੁਕਾਨਦਾਰ ਅਸਲ ਵਿੱਚ ਉਹ ਲੋਕ ਹਨ ਜਿਹੜੇ ਆਮ, ਗਰੀਬ ਅਤੇ ਮੱਧ ਵਰਗੀ ਲੋਕਾਂ ਤੱਕ ਜ਼ਿੰਦਗੀ ਲਈ ਲੁੜੀਂਦੀਆਂ ਸਾਰੀਆਂ ਚੀਜ਼ਾਂ ਵਸਤਾਂ ਬੜਾ ਵਾਜਬ ਜਿਹਾ ਮੁਨਾਫ਼ਾ ਲੈਕੇ ਪਹੁੰਚਾਉਂਦੇ ਹਨ। ਜਿਹੜੇ ਲੋਕ ਵੱਡੇ ਵੱਡੇ ਹੋਟਲਾਂ, ਰੈਸਟੋਰੈਂਟਾਂ ਅਤੇ ਮਾਲ ਪਲਾਜ਼ਿਆਂ ਵੱਲ ਦੇਖਣ ਦੀ ਹਿੰਮਤ ਵੀ ਨਹੀਂ ਕਰ ਸਕਦੇ ਉਹ ਇਹਨਾਂ ਕੋਲ ਆ ਕੇ ਹੀ ਜਿਥੇ ਘਰ ਦਾ ਸਮਾਂ ਲਿਜਾਂਦੇ ਹਨ ਉਥੇ ਗੋਲਗੱਪੇ, ਚਾਹ-ਕਾਫ਼ੀ ਅਤੇ ਕੁਲਫੀਆਂ ਖਾਣ ਦਾ ਸੁਆਦ ਪੂਰਾ ਕਰਦੇ ਹਨ। ਇਹਨਾਂ ਬਦਲੇ ਇਹ ਰੇਹੜੀਆਂ ਫੜ੍ਹੀਆਂ ਵਾਲੇ ਕਦੇ ਕਿਸੇ ਦੀ ਛਿੱਲ ਨਹੀਂ ਲਾਹੁੰਦੇ। ਵਾਜਬ ਜਿਹਾ ਭਾਅ, ਮਿੱਠੇ ਜਿਹੇ ਬੋਲ ਅਤੇ ਸਾਹਮਣੇ ਦੇਖ ਕੇ ਬਣਾਈ ਗਈ ਚੀਜ਼ ਜਿਸ ਵਿੱਚ ਕੋਈ ਓਹਲਾ ਵੀ ਨਹੀਂ ਹੁੰਦਾ। ਮੂੰਗਫਲੀ ਅਤੇ ਸਬਜ਼ੀਆਂ ਤੋਂ ਲੈਕੇ ਦਲ ਰੋਟੀ ਅਤੇ ਪਰੌਂਠਿਆਂ ਤੱਕ ਇਹ ਸਾਰੀਆਂ ਜ਼ਰੂਰੀ ਚੀਜ਼ਾਂ ਗਲੀ ਮੋਹਲਿਆਂ ਵਿੱਚ ਆਮ ਲੋਕਾਂ ਨੂੰ ਮੁਹਈਆ ਕਰਦੇ ਹਨ।

ਪਰ ਇਹਨਾਂ ਦੀ ਜ਼ਿੰਦਗੀ ਕਦਮ ਕਦਮ ਤੇ ਸਮੱਸਿਆਵਾਂ ਨਾਲ ਜੂਝਣ ਵਾਲੀ ਹੈ। ਇਹਨਾਂ ਮਸਲਿਆਂ ਦਾ ਗੰਭੀਰਤਾ ਨਾਲ ਨੋਟਿਸ ਲਿਆ ਹੈ ਯੂਨਾਇਟੇਡ ਟ੍ਰੇਡ ਯੂਨੀਅਨ ਕਾਂਗਰਸ (UTUC) ਨੇ। ਇਸ ਸਬੰਧੀ ਮੋਹਾਲੀ, ਲੁਧਿਆਣਾ ਅਤੇ ਹੋਰਨਾਂ ਥਾਂਵਾਂ ਤੇ ਵੀ ਇਹਨਾਂ ਲੋਕਾਂ ਨਾਲ ਸੰਪਰਕ ਕੀਤਾ ਗਿਆ ਹੈ। ਯੂਨੀਅਨ ਦੇ ਮੋਹਾਲੀ ਯੂਨਿਟ ਵੱਲੋਂ ਇਕ ਜ਼ਿਲ੍ਹਾ ਪੱਧਰੀ ਮਹੱਤਵਪੂਰਨ ਮੀਟਿੰਗ ਜਿਲ੍ਹਾ ਪ੍ਰਧਾਨ ਸੁਰਿੰਦਰ ਬਾਵਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਮੋਹਾਲੀ ਇਲਾਕੇ ਦੇ ਫੂਡ ਵੈਂਡਰਜ਼ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਮੀਟਿੰਗ ਵਿੱਚ ਯੂਨੀਅਨ ਨਾਲ ਸਬੰਧਤ ਕਈ ਸੀਨੀਅਰ ਆਗੂਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਸ਼ਾਮਲ ਸਨ:ਮਹਾਕਾਲ ਜਥੇਦਾਰ ਸਰਬਜੀਤ ਸਿੰਘ ਖ਼ਾਲਸਾ, ਕੇਂਦਰੀ ਕਮੇਟੀ ਮੈਂਬਰ,ਕਾਮਰੇਡ ਹਵਾ ਸਿੰਘ, ਕੌਮੀ ਮੀਤ ਪ੍ਰਧਾਨ, UTUC,ਕਰਨੈਲ ਸਿੰਘ ਇਕੋਲਾਹਾ, ਕੌਮੀ ਜਨਰਲ ਸਕੱਤਰ, ਆਲ ਇੰਡੀਆ ਸੰਯੁਕਤ ਕਿਸਾਨ ਸਭਾ ,ਸਿਮਰਨਦੀਪ ਸਿੰਘ ਕੇਂਦਰੀ ਕਮੇਟੀ ਮੈਂਬਰ  ਕ੍ਰਾਂਤੀਕਾਰੀ ਯੂਥ ਫ਼ਰੰਟ ਅਤੇ ਹੋਰਾਂ ਨੇ ਵੀ ਆਪੋ ਆਪਣੇ ਵਿਚਾਰ ਰੱਖੇ। 

ਇਹਨਾਂ ਆਗੂਆਂ ਨੇ ਮੀਟਿੰਗ ਵਿੱਚ ਇਹ ਗੱਲ ਉਜਾਗਰ ਕੀਤੀ ਕਿ ਮਜ਼ਦੂਰਾਂ, ਕਿਸਾਨਾਂ ਅਤੇ ਹੋਰਨਾਂ ਗੈਰ ਰਸਮੀ ਖੇਤਰਾਂ ਵਿੱਚ ਕੰਮ ਕਰਨ ਵਾਲਿਆਂ ਦੀ ਏਕਤਾ ਹੀ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਵਰਗਾਂ ਨੂੰ ਇਜ਼ਤਦਾਰ ਜੀਵਨ ਅਤੇ ਸੁਰੱਖਿਆ ਯਕੀਨੀ ਬਣਾਏ। ਇਹ ਮੰਗ ਇਹਨਾਂ ਕਿਰਤੀਆਂ ਦਾ ਹੱਕ ਵੀ ਬਣਦਾ ਹੈ। 

ਉਹਨਾਂ ਅੱਗੇ ਕਿਹਾ ਕਿ ਇਹ ਫੂਡ ਵੈਂਡਰਜ਼ ਜੋ ਕਿ ਇਸ ਮੱਧਵਰਗੀ ਅਰਥਵਿਵਸਥਾ ਦਾ ਮਹਤੱਵਪੂਰਨ ਹਿੱਸਾ ਹਨ, ਅਕਸਰ ਨਜ਼ਰ ਅੰਦਾਜ਼ੀ, ਦਮਨ ਅਤੇ ਮੌਲਿਕ ਸਹੂਲਤਾਂ ਦੀ ਘਾਟ ਦਾ ਸ਼ਿਕਾਰ ਹੁੰਦੇ ਹਨ। ਮੀਟਿੰਗ ਦੌਰਾਨ ਇਹਨਾਂ ਲਈ ਕੁਝ ਮੁੱਖ ਫੈਸਲੇ  ਵੀ ਲੈ ਗਏ ਜਿਹਨਾਂ ਵਿੱਚ ਫੂਡ ਵੇਂਡਰਾਂ ਦੇ ਲਾਇਸੈਂਸ ਦਾ ਮਸਲਾ, ਪੁਲਿਸ ਦਖਲਅੰਦਾਜ਼ੀ, ਅਚਾਨਕ ਉਜਾੜੇ ਅਤੇ ਅਜਿਹੀਆਂ ਹੀ ਹੋਰ ਕਾਰਵਾਈਆਂ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ। ਵੱਖਰੇ ਥਾਵਾਂ ਦੀ ਘਾਟ ਵਰਗੀਆਂ ਸਮੱਸਿਆਵਾਂ ਦਾ ਵੀ ਤੁਰੰਤ ਨਿਵਾਰਨ ਕਰਨ ਲਈ ਯੂਨੀਅਨ ਵੱਲੋਂ ਜਲਦੀ ਹੀ ਮੋਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨਾਲ ਇਕ ਵਫਦ ਦੀ ਮੁਲਾਕਾਤ ਕਰਕੇ ਇਹ ਮਸਲੇ ਉਨ੍ਹਾਂ ਸਾਹਮਣੇ ਰੱਖੇ ਜਾਣਗੇ।

ਫੂਡ ਵੈਂਡਰਜ਼ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਨ ਅਤੇ ਜਨਤਾ ਵਿੱਚ ਜਾਗਰੂਕਤਾ ਫੈਲਾਉਣ ਲਈ ਇਕ ਸ਼ਹਿਰ ਪੱਧਰੀ ਜਾਗਰੂਕਤਾ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ ।

ਸੁਰਿੰਦਰ ਬਾਵਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ UTUC ਹਰ ਹਾਲਤ ਵਿੱਚ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਫੂਡ ਵੇਂਡਰਾਂ ਦੀ ਕਾਨੂੰਨੀ ਪੁਸ਼ਟੀ ਅਤੇ ਸੁਚੱਜੇ ਢੰਗ ਨਾਲ ਰੈਗੂਲੇਸ਼ਨ ਨੂੰ ਯਕੀਨੀ ਬਣਾਇਆ ਜਾਵੇ। ਮੀਟਿੰਗ ਦੋਰਾਨ ਭਾਰੀ ਇਕੱਠ ਹੋਇਆ ਅਤੇ ਪੰਕਜ ,ਰਾਜੂ,ਤੁਨ ਤੁਨ ਸ਼ਰਮਾ , ਬਲਜਿੰਦਰ ਸਿੰਘ, ਅਮਿਤ ਆਪਣੇ ਸਾਥੀਆਂ ਸਮੇਤ ਹਾਜ਼ਰ ਰਹੇ ਅਤੇ ਜੱਥੇਬੰਦੀ ਦੀ ਮਜ਼ਬੂਤੀ ਲਈ ਵੱਧ ਚੜ੍ਹ ਕੇ ਹਿੱਸਾ ਪਾਉਣ ਦਾ ਪ੍ਰਣ ਲਿਆ ਅਤੇ UTUC ਉੱਪਰ ਆਪਣਾ ਭਰੋਸਾ ਜਤਾਇਆ ਕਿ ਇਹ ਟੀਮ ਹੀ ਸਾਡੇ ਦੁੱਖ ਨੂੰ ਸਮਝ ਕੇ ਸਾਡੀ ਮਦਦ ਲਈ ਅੱਗੇ ਆਈ ਹੈ ਸਮੁੱਚੀ ਟੀਮ,ਉਹਦੇਦਾਰਾ ਦਾ ਧੰਨਵਾਦ ਕੀਤਾ ਗਿਆ ਜਿਨਾਂ ਦੇ ਆਉਣ ਨਾਲ ਗੈਰ ਸਮਾਜਿਕ ਤੱਤਾਂ ਨੂੰ ਠੱਲ੍ਹ ਪੈ ਗਈ ਹੈ ਅਤੇ ਉਹਨਾਂ ਨੇ ਕਿਹਾ ਕਿ ਭਵਿੱਖ ਵਿੱਚ ਹੁਣ ਸਾਨੂੰ ਕਿਸੇ ਵੀ ਸਰਕਾਰੀ ਅਧਿਕਾਰੀ ਅਤੇ ਗੁੰਡਾ ਗਰਦੀ ਕਰਨ ਵਾਲੇ ਲੋਕਾ ਵਲੋਂ ਨਜਾਇਜ਼ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਸਾਨੂੰ ਪੂਰਨ ਵਿਸ਼ਵਾਸ ਹੈ ਅਤੇ ਲੋਕਾਂ ਦੀਆ ਕਈ ਪਰੇਸ਼ਾਨੀਆ ਮੌਕੇ 'ਤੇ ਹੀ ਆਪਸੀ ਗੱਲਬਾਤ ਕਰਵਾ ਕੇ ਸੁਝੱਜੇ ਢੰਗ ਨਾਲ ਸੁਲਝਾਈਆਂ ਗਈਆਂ ਅਤੇ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। 

ਯੂਨੀਅਨ ਵੱਲੋਂ ਸਿਵਲ ਸੋਸਾਇਟੀ, ਹੋਰ ਟਰੇਡ ਯੂਨੀਅਨਾਂ ਅਤੇ ਸਥਾਨਕ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਵੀ ਇਸ ਅੰਦੋਲਨ ਵਿੱਚ ਆਪਣੀ ਭੂਮਿਕਾ ਨਿਭਾਉਣ।

No comments:

Post a Comment

UTUC ਯੂਨੀਅਨ ਆਈ ਖੁੱਲ੍ਹ ਕੇ ਮੋਹਾਲੀ ਦੇ ਫ਼ੂਡ ਵੈਂਡਰਜ਼ ਨਾਲ

From  Simrandeep Singh on Saturday 31st May 2025 at 10:56 AM Regarding  Street Vendors ਸਮੱਸਿਆਵਾਂ ਦੂਰ ਕਰਨ ਲਈ ਬਣਾਈ ਰਣਨੀਤੀ  *ਯੂਨਾਇਟੇਡ ਟ੍ਰੇਡ ਯੂਨ...