14 May 2026

ਸਥਾਨਕ ਸਰਕਾਰ ਚੋਣਾਂ:ਨਾਮਜ਼ਦਗੀਆਂ ਦਾ ਦੂਜਾ ਦਿਨ

DPRO on Thursday 14th May 2026 at 4:46 PM Regarding Local Govt. Elections Mohali

ਸਥਾਨਕ ਸਰਕਾਰ ਚੋਣਾਂ ਲਈ ਜ਼ੀਰਕਪੁਰ ਤੋਂ ਇੱਕ ਅਤੇ ਖਰੜ ਤੋਂ ਦੋ ਨਾਮਜ਼ਦਗੀਆਂ ਦਾਖਲ

16 ਮਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਾਰੀਖ

ਸਾਹਿਬਜ਼ਾਦਾ ਅਜੀਤ ਸਿੰਘ ਨਗਰ:14 ਮਈ 2026: (ਕਾਰਤਿਕਾ ਕਲਿਆਣੀ ਸਿੰਘ//ਮੋਹਾਲੀ ਸਕਰੀਨ):: 

ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸਥਾਨਕ ਸਰਕਾਰ ਚੋਣਾਂ ਲਈ ਚੱਲ ਰਹੀ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਅੱਜ ਜ਼ੀਰਕਪੁਰ ਅਤੇ ਖਰੜ ਨਗਰ ਕੌਂਸਲਾਂ ਵਿੱਚ ਕੁੱਲ ਤਿੰਨ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਨਗਰ ਕੌਂਸਲ ਜ਼ੀਰਕਪੁਰ ਦੇ ਵਾਰਡ ਨੰਬਰ 22 ਲਈ ਇੱਕ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ, ਜਦਕਿ ਨਗਰ ਕੌਂਸਲ ਖਰੜ ਦੇ ਵਾਰਡ ਨੰਬਰ 22 ਲਈ ਦੋ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 16 ਮਈ ਹੈ। ਦਾਖਲ ਕੀਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਕੀਤੀ ਜਾਵੇਗੀ ਅਤੇ 19 ਮਈ ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 26 ਮਈ ਨੂੰ ਹੋਣ ਵਾਲੀਆਂ ਸਥਾਨਕ ਸਰਕਾਰ ਚੋਣਾਂ ਲਈ ਕੁੱਲ 195 ਵਾਰਡ ਹਨ, ਜਿਨ੍ਹਾਂ ਵਿੱਚ ਨਗਰ ਨਿਗਮ ਮੋਹਾਲੀ ਅਤੇ ਨਗਰ ਕੌਂਸਲਾਂ ਖਰੜ, ਕੁਰਾਲੀ, ਨਵਾਂ ਗਾਉਂ, ਡੇਰਾਬੱਸੀ, ਜ਼ੀਰਕਪੁਰ, ਲਾਲੜੂ ਅਤੇ ਬਨੂੰੜ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਸਾਰੇ ਆਰ ਓਜ਼ ਅਤੇ ਏ ਆਰ ਓਜ਼ ਨੂੰ ਨਾਮਜ਼ਦਗੀ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸਾਰੇ ਉਮੀਦਵਾਰਾਂ ਲਈ ਬਰਾਬਰ ਮੌਕੇ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਨਗਰ ਨਿਗਮ ਮੋਹਾਲੀ ਦੇ ਵਾਰਡ ਨੰਬਰ 1 ਤੋਂ 25 ਤੱਕ ਲਈ ਨਾਮਜ਼ਦਗੀ ਪ੍ਰਕਿਰਿਆ ਪੂਡਾ ਭਵਨ ਵਿਖੇ ਚੱਲ ਰਹੀ ਹੈ, ਜਦਕਿ ਵਾਰਡ ਨੰਬਰ 26 ਤੋਂ 50 ਤੱਕ ਲਈ ਨਾਮਜ਼ਦਗੀਆਂ ਐਸ ਡੀ ਐਮ ਦਫ਼ਤਰ ਮੋਹਾਲੀ ਵਿਖੇ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ।

ਇਸੇ ਤਰ੍ਹਾਂ ਨਗਰ ਕੌਂਸਲ ਖਰੜ ਅਤੇ ਡੇਰਾਬੱਸੀ ਲਈ ਨਾਮਜ਼ਦਗੀ ਪੱਤਰ ਕ੍ਰਮਵਾਰ ਐਸ ਡੀ ਐਮ ਕੋਰਟ ਰੂਮ ਖਰੜ ਅਤੇ ਡੇਰਾਬੱਸੀ ਵਿਖੇ ਪ੍ਰਾਪਤ ਕੀਤੇ ਜਾ ਰਹੇ ਹਨ, ਜਦਕਿ ਨਗਰ ਕੌਂਸਲ ਬਨੂੰੜ ਲਈ ਤਹਿਸੀਲ ਦਫ਼ਤਰ ਬਨੂੰੜ ਨੂੰ ਨਾਮਜ਼ਦਗੀ ਪ੍ਰਾਪਤੀ ਕੇਂਦਰ ਨਿਰਧਾਰਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਨਗਰ ਕੌਂਸਲ ਦਫ਼ਤਰ ਜ਼ੀਰਕਪੁਰ, ਕੁਰਾਲੀ, ਨਵਾਂ ਗਾਉਂ ਅਤੇ ਲਾਲੜੂ ਨੂੰ ਵੀ ਸਬੰਧਤ ਸਥਾਨਕ ਸੰਸਥਾਵਾਂ ਲਈ ਨਾਮਜ਼ਦਗੀ ਪ੍ਰਾਪਤ ਕਰਨ ਵਾਲੇ ਕੇਂਦਰਾਂ ਵਜੋਂ ਨੋਟੀਫਾਈ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਾਰੇ ਆਰ ਓਜ਼ ਅਤੇ ਏ ਆਰ ਓਜ਼ ਨੂੰ ਨਾਮਜ਼ਦਗੀ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਦੇ ਨਾਲ-ਨਾਲ ਸਾਰੇ ਉਮੀਦਵਾਰਾਂ ਲਈ ਬਰਾਬਰੀ ਦਾ ਮੌਕਾ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

13 May 2026

ਜ਼ਿਲ੍ਹੇ ਵਿੱਚ ਸਥਾਨਕ ਸਰਕਾਰ ਚੋਣਾਂ ਲਈ ਸਰਗਰਮੀਆਂ ਸ਼ੁਰੂ

On Thursday 13th May 2026 at 7:26 PM Regarding Local Govt. Elections Mohali 

ਪਹਿਲੇ ਦਿਨ ਕੋਈ ਨਾਮਜ਼ਦਗੀ ਦਾਖਲ ਨਹੀਂ ਹੋਈ: ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ: 13 ਮਈ 2026: (ਕਾਰਤਿਕਾ ਕਲਿਆਣੀ ਸਿੰਘ//ਮੋਹਾਲੀ ਸਕਰੀਨ ਡੈਸਕ):

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ
ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਹੋਣ ਵਾਲੀਆਂ ਸਥਾਨਕ ਸਰਕਾਰ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਪਹਿਲੇ ਦਿਨ ਨਗਰ ਨਿਗਮ ਮੋਹਾਲੀ, ਨਗਰ ਕੌਂਸਲ ਖਰੜ, ਕੁਰਾਲੀ, ਨਵਾਂ ਗਾਉਂ, ਜ਼ੀਰਕਪੁਰ, ਡੇਰਾਬੱਸੀ, ਲਾਲੜੂ ਅਤੇ ਬਨੂੰੜ ਲਈ ਕੋਈ ਵੀ ਨਾਮਜ਼ਦਗੀ ਪੱਤਰ ਦਾਖਲ ਨਹੀਂ ਹੋਇਆ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਸਥਾਨਕ ਸਰਕਾਰ ਚੋਣਾਂ ਲਈ ਨਾਮਜ਼ਦਗੀਆਂ 13 ਮਈ ਤੋਂ 16 ਮਈ 2026 ਤੱਕ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਦਾਖਲ ਕਰਵਾਈਆਂ ਜਾ ਸਕਦੀਆਂ ਹਨ। ਨਾਮਜ਼ਦਗੀਆਂ ਦੀ ਪੜਤਾਲ 18 ਮਈ 2026 ਨੂੰ ਕੀਤੀ ਜਾਵੇਗੀ ਜਦਕਿ 19 ਮਈ 2026 ਤੱਕ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਣਗੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਵੋਟਾਂ 26 ਮਈ 2026 ਨੂੰ ਸਵੇਰੇ 8:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬੈਲਟ ਪੇਪਰ ਰਾਹੀਂ ਪਾਈਆਂ ਜਾਣਗੀਆਂ ਅਤੇ 29 ਮਈ 2026 ਨੂੰ ਵੋਟਾਂ ਦੀ ਗਿਣਤੀ ਉਪਰੰਤ ਨਤੀਜੇ ਐਲਾਨੇ ਜਾਣਗੇ।

ਉਨ੍ਹਾਂ ਦੱਸਿਆ ਕਿ ਨਗਰ ਨਿਗਮ ਮੋਹਾਲੀ ਦੇ ਵਾਰਡ ਨੰਬਰ 1 ਤੋਂ 25 ਲਈ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਅਮਰਿੰਦਰ ਸਿੰਘ ਮੱਲ੍ਹੀ, ਵਧੀਕ ਮੁੱਖ ਪ੍ਰਸ਼ਾਸਕ ਗਮਾਡਾ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ, ਜਦਕਿ ਵਾਰਡ ਨੰਬਰ 26 ਤੋਂ 50 ਲਈ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਦਮਨਦੀਪ ਕੌਰ, ਐਸ.ਡੀ.ਐਮ. ਮੋਹਾਲੀ ਦੇ ਦਫ਼ਤਰ ਵਿਖੇ ਸਵੀਕਾਰ ਕੀਤੇ ਜਾਣਗੇ।

ਨਗਰ ਕੌਂਸਲ ਖਰੜ ਦੇ 27 ਵਾਰਡਾਂ ਲਈ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਗੁਰਮੀਤ ਸਿੰਘ, ਐਸ.ਡੀ.ਐਮ. ਖਰੜ ਦੀ ਅਦਾਲਤ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ।

ਨਗਰ ਕੌਂਸਲ ਡੇਰਾਬੱਸੀ ਦੇ 19 ਵਾਰਡਾਂ ਲਈ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਅਮਿਤ ਗੁਪਤਾ, ਐਸ.ਡੀ.ਐਮ. ਡੇਰਾਬੱਸੀ ਦੀ ਅਦਾਲਤ ਵਿਖੇ ਸਵੀਕਾਰ ਕੀਤੇ ਜਾਣਗੇ।

ਨਗਰ ਕੌਂਸਲ ਬਨੂੰੜ ਦੇ 13 ਵਾਰਡਾਂ ਲਈ ਨਾਮਜ਼ਦਗੀ ਪੱਤਰ ਤਹਿਸੀਲ ਦਫ਼ਤਰ ਬਨੂੰੜ ਵਿਖੇ ਰਿਟਰਨਿੰਗ ਅਫ਼ਸਰ ਡਾ. ਅੰਕਿਤਾ ਕਾਂਸਲ, ਐਸ.ਡੀ.ਐਮ. ਬਨੂੰੜ ਕੋਲ ਜਮ੍ਹਾਂ ਕਰਵਾਏ ਜਾ ਸਕਦੇ ਹਨ।

ਨਗਰ ਕੌਂਸਲ ਕੁਰਾਲੀ ਦੇ 17 ਵਾਰਡਾਂ ਲਈ ਨਾਮਜ਼ਦਗੀ ਪੱਤਰ ਨਗਰ ਕੌਂਸਲ ਦਫ਼ਤਰ, ਕੁਰਾਲੀ ਵਿਖੇ ਰਿਟਰਨਿੰਗ ਅਫ਼ਸਰ ਸੁਖਵਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਮੰਡੀ ਬੋਰਡ ਕੋਲ ਭਰੇ ਜਾ ਸਕਦੇ ਹਨ।

ਨਗਰ ਕੌਂਸਲ ਨਵਾਂ ਗਾਉਂ ਦੇ 21 ਵਾਰਡਾਂ ਲਈ ਨਾਮਜ਼ਦਗੀ ਪੱਤਰ ਨਗਰ ਕੌਂਸਲ ਦਫ਼ਤਰ, ਨਵਾਂ ਗਾਉਂ ਵਿਖੇ ਰਿਟਰਨਿੰਗ ਅਫ਼ਸਰ ਮਹਿਕਮੀਤ ਸਿੰਘ, ਬੀ.ਡੀ.ਪੀ.ਓ. ਖਰੜ ਕੋਲ ਜਮ੍ਹਾਂ ਕਰਵਾਏ ਜਾ ਸਕਦੇ ਹਨ।

ਨਗਰ ਕੌਂਸਲ ਜ਼ੀਰਕਪੁਰ ਦੇ 31 ਵਾਰਡਾਂ ਲਈ ਨਾਮਜ਼ਦਗੀ ਪੱਤਰ ਨਗਰ ਕੌਂਸਲ ਦਫ਼ਤਰ, ਜ਼ੀਰਕਪੁਰ ਵਿਖੇ ਰਿਟਰਨਿੰਗ ਅਫ਼ਸਰ ਬਲਜੀਤ ਸਿੰਘ ਸੋਹੀ, ਬੀ.ਡੀ.ਪੀ.ਓ. ਡੇਰਾਬੱਸੀ ਕੋਲ ਜਮ੍ਹਾਂ ਕਰਵਾਏ ਜਾ ਸਕਦੇ ਹਨ।

ਨਗਰ ਕੌਂਸਲ ਲਾਲੜੂ ਦੇ 17 ਵਾਰਡਾਂ ਲਈ ਨਾਮਜ਼ਦਗੀ ਪੱਤਰ ਨਗਰ ਕੌਂਸਲ ਦਫ਼ਤਰ, ਲਾਲੜੂ ਵਿਖੇ ਰਿਟਰਨਿੰਗ ਅਫ਼ਸਰ ਬੀਰਕਰਨ ਸਿੰਘ, ਤਹਿਸੀਲਦਾਰ ਡੇਰਾਬੱਸੀ ਕੋਲ ਭਰੇ ਜਾ ਸਕਦੇ ਹਨ।

12 May 2026

ਚੋਣਾਂ>ਨਾਮਜ਼ਦਗੀਆਂ 13 ਤੋਂ 16 ਮਈ ਤੱਕ, ਵੋਟਾਂ 26 ਮਈ ਨੂੰ

DPRO on Thursday 12th May 2026 at 6:10 PM Regarding Local Govt. Elections Mohali 

ਐਨ ਓ ਸੀ ਤੈਅ ਸਮੇਂ ਦੇ ਵਿੱਚ ਵਿੱਚ ਜਾਰੀ ਕੀਤੇ ਜਾਣ

*ਜ਼ਿਲ੍ਹੇ ਵਿੱਚ ਨਗਰ ਨਿਗਮ ਮੋਹਾਲੀ, ਨਗਰ ਕੌਂਸਲ ਖਰੜ, ਕੁਰਾਲੀ, ਨਵਾਂ ਗਾਉਂ, ਜ਼ੀਰਕਪੁਰ, ਡੇਰਾਬੱਸੀ, ਲਾਲੜੂ ਅਤੇ ਬਨੂੰੜ ਦੇ ਲਈ ਹੋਣਗੀਆਂ ਚੋਣਾਂ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ

*ਐਸ.ਡੀ.ਐਮਜ਼ ਪੋਲਿੰਗ ਬੂਥਾਂ 'ਤੇ ਉਪਲਬਧ ਸਹੂਲਤਾਂ ਦਾ ਨਿੱਜੀ ਤੌਰ 'ਤੇ ਜਾਇਜ਼ਾ ਲੈਣ-ਜ਼ਿਲ੍ਹਾ ਚੋਣ ਅਫਸਰ

*ਐਨ ਓ ਸੀ ਤੈਅ ਸਮੇਂ ਦੇ ਵਿੱਚ ਵਿੱਚ ਜਾਰੀ ਕੀਤੇ ਜਾਣ

*ਜ਼ਿਲ੍ਹਾ ਚੋਣ ਅਫਸਰ ਨੇ ਸਥਾਨਕ ਸਰਕਾਰ ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਉਣ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਸਾਹਿਬਜ਼ਾਦਾ ਅਜੀਤ ਸਿੰਘ ਨਗਰ: 12 ਮਈ, 2026: (ਕਾਰਤਿਕਾ ਕਲਿਆਣੀ ਸਿੰਘ//ਮੋਹਾਲੀ ਸਕਰੀਨ ):: 
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਸਬੰਧੀ ਕੀਤੇ ਐਲਾਨ ਅਨੁਸਾਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਅੰਦਰ ਪੈਂਦੀ ਨਗਰ ਨਿਗਮ ਮੋਹਾਲੀ, ਨਗਰ ਕੌਂਸਲ ਖਰੜ, ਕੁਰਾਲੀ, ਨਵਾਂ ਗਾਉਂ, ਜ਼ੀਰਕਪੁਰ, ਡੇਰਾਬੱਸੀ, ਲਾਲੜੂ ਅਤੇ ਬਨੂੰੜ ਦੇ ਵਾਰਡਾਂ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ, ਜਿਸ ਤਹਿਤ ਅੱਜ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ ਵੱਲੋਂ ਰਿਟਰਨਿੰਗ ਅਫ਼ਸਰਾਂ, ਸਹਾਇਕ ਰਿਟਰਨਿੰਗ ਅਫ਼ਸਰਾਂ, ਪੁਲਿਸ ਅਧਿਕਾਰੀਆਂ ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨਾਲ ਵਿਸਤ੍ਰਿਤ ਮੀਟਿੰਗ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਇਨ੍ਹਾਂ ਸਥਾਨਕ ਸਰਕਾਰ ਚੋਣਾਂ ਲਈ 13 ਮਈ ਤੋਂ 16 ਮਈ 2026 ਤੱਕ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਨਾਮਜ਼ਦਗੀਆਂ ਦਾਖਲ ਕਰਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 18 ਮਈ ਨੂੰ ਹੋਵੇਗੀ ਅਤੇ 19 ਮਈ ਤੱਕ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ 26 ਮਈ 2026 ਨੂੰ ਸਵੇਰੇ 08:00 ਵਜੇ ਤੋਂ ਸ਼ਾਮ 05:00 ਵਜੇ ਤੱਕ ਵੋਟਾਂ ਬੈਲਟ ਪੇਪਰ ਰਾਹੀਂ ਪਾਈਆਂ ਜਾਣਗੀਆਂ ਅਤੇ ਮਿਤੀ 29 ਮਈ 2026 ਨੂੰ ਗਿਣਤੀ ਉਪਰੰਤ ਨਤੀਜੇ ਐਲਾਨੇ ਜਾਣਗੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਨਗਰ ਨਿਗਮ ਮੋਹਾਲੀ ਦੇ ਵਾਰਡ ਨੰਬਰ 1 ਤੋਂ 25 ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ, ਅਮਰਿੰਦਰ ਸਿੰਘ ਮੱਲ੍ਹੀ, ਵਧੀਕ ਮੁੱਖ ਪ੍ਰਸ਼ਾਸਕ ਗਮਾਡਾ ਦੇ ਦਫ਼ਤਰ ਵਿਖੇ ਤੇ ਵਾਰਡ ਨੰਬਰ 26 ਤੋਂ 50 ਲਈ ਰਿਟਰਨਿੰਗ ਅਫ਼ਸਰ, ਸ਼੍ਰੀਮਤੀ ਦਮਨਦੀਪ ਕੌਰ, ਐਸ ਡੀ ਐਮ ਮੋਹਾਲੀ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ।

ਨਗਰ ਕੌਂਸਲ ਖਰੜ ਦੇ (27 ਵਾਰਡ) ਵਾਸਤੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ, ਗੁਰਮੀਤ ਸਿੰਘ, ਐਸ ਡੀ ਐਮ ਖਰੜ ਦੀ ਕੋਰਟ ਵਿਖੇ ਲਏ ਜਾਣਗੇ।

ਨਗਰ ਕੌਂਸਲ ਡੇਰਾਬੱਸੀ (19 ਵਾਰਡ) ਵਾਸਤੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ, ਅਮਿਤ ਗੁਪਤਾ, ਐਸ ਡੀ ਐਮ ਡੇਰਾਬੱਸੀ ਦੀ ਕੋਰਟ ਵਿਖੇ ਲਏ ਜਾਣਗੇ।

ਨਗਰ ਕੌਂਸਲ ਬਨੂੰੜ (13 ਵਾਰਡ) ਵਾਸਤੇ ਨਾਮਜ਼ਦਗੀ ਪੱਤਰ ਤਹਿਸੀਲ ਦਫ਼ਤਰ ਬਨੂੰੜ ਵਿਖੇ ਰਿਟਰਨਿੰਗ ਅਫ਼ਸਰ, ਐਸ ਡੀ ਐਮ ਡਾ. ਅੰਕਿਤਾ ਕਾਂਸਲ ਕੋਲ ਜਮ੍ਹਾਂ ਕਰਵਾਏ ਜਾ ਸਕਦੇ ਹਨ।

ਨਗਰ ਕੌਂਸਲ ਕੁਰਾਲੀ (17 ਵਾਰਡ) ਵਾਸਤੇ ਨਾਮਜ਼ਦਗੀ ਪੱਤਰ ਨਗਰ ਕੌਂਸਲ ਦਫਤਰ, ਕੁਰਾਲੀ ਵਿਖੇ ਰਿਟਰਨਿੰਗ ਅਫ਼ਸਰ ਸੁਖਵਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਮੰਡੀ ਬੋਰਡ, ਕੋਲ ਭਰੇ ਜਾ ਸਕਦੇ ਹਨ।

ਨਗਰ ਕੌਂਸਲ ਨਵਾਂਗਾਉਂ (21 ਵਾਰਡ) ਵਾਸਤੇ ਨਾਮਜ਼ਦਗੀ ਪੱਤਰ ਨਗਰ ਕੌਂਸਲ ਦਫਤਰ, ਨਵਾਂਗਾਉਂ ਵਿਖੇ ਰਿਟਰਨਿੰਗ ਅਫ਼ਸਰ ਮਹਿਕਮੀਤ ਸਿੰਘ, ਬੀ ਡੀ ਪੀ ਓ ਖਰੜ, ਕੋਲ ਭਰੇ ਜਾ ਸਕਦੇ ਹਨ।

ਨਗਰ ਕੌਂਸਲ ਜ਼ੀਰਕਪੁਰ (31 ਵਾਰਡ) ਵਾਸਤੇ ਨਾਮਜ਼ਦਗੀ ਪੱਤਰ ਨਗਰ ਕੌਂਸਲ ਦਫਤਰ, ਜ਼ੀਰਕਪੁਰ ਵਿਖੇ ਰਿਟਰਨਿੰਗ ਅਫ਼ਸਰ ਬਲਜੀਤ ਸਿੰਘ ਸੋਹੀ, ਬੀ ਡੀ ਪੀ ਓ ਡੇਰਾਬੱਸੀ, ਕੋਲ ਭਰੇ ਜਾ ਸਕਦੇ ਹਨ।

ਨਗਰ ਕੌਂਸਲ ਲਾਲੜੂ (17 ਵਾਰਡ) ਵਾਸਤੇ ਨਾਮਜ਼ਦਗੀ ਪੱਤਰ ਨਗਰ ਕੌਂਸਲ ਦਫਤਰ, ਲਾਲੜੂ ਵਿਖੇ ਰਿਟਰਨਿੰਗ ਅਫ਼ਸਰ ਬੀਰਕਰਨ ਸਿੰਘ, ਤਹਿਸੀਲਦਾਰ, ਡੇਰਾਬੱਸੀ ਕੋਲ ਭਰੇ ਜਾ ਸਕਦੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਨਗਰ ਨਿਗਮ ਅਧਿਕਾਰੀਆਂ/ਸਮੂਹ ਕਾਰਜ ਸਾਧਕ ਅਫ਼ਸਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਲੜਨ ਦੇ ਚਾਹਵਾਨ ਉਮੀਦਵਾਰ ਵੱਲੋਂ ਐਨ ਓ ਸੀ ਦੀ ਮੰਗ ਕਰਨ ਤੇ ਬਿਨਾਂ ਕਿਸੇ ਦੇਰੀ, ਤੈਅ ਸਮੇਂ ਵਿੱਚ ਐਨ ਓ ਸੀ ਜਾਰੀ ਕਰਨ ਤਾਂ ਕਿ ਕਿਸੇ ਵੀ ਉਮੀਦਵਾਰ ਨੂੰ ਚੋਣ ਲੜਨ ਵਿੱਚ ਕੋਈ ਮੁਸ਼ਕਿਲ ਨਾ ਆਵੇ। ਜੇਕਰ ਕੋਈ ਉਮੀਦਵਾਰ ਐਨ ਓ ਸੀ ਦੀ ਥਾਂ ਐਫੀਡੇਵਿਟ ਦਿੰਦਾ ਹੈ ਤਾਂ ਉਸ ਨੂੰ ਵੀ ਸਵੀਕਾਰ ਕਰ ਲਿਆ ਜਾਵੇ।

ਡਿਪਟੀ ਕਮਿਸ਼ਨਰ ਨੇ ਸਬੰਧਤ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਆਪੋ ਆਪਣੇ ਇਲਾਕਿਆਂ ਵਿੱਚ ਪੈਂਦੇ ਪੋਲਿੰਗ ਬੂਥਾਂ ਦਾ ਨਿੱਜੀ ਤੌਰ 'ਤੇ ਦੌਰਾ ਕੀਤਾ ਜਾਵੇ ਅਤੇ ਪੋਲਿੰਗ ਬੂਥਾਂ ਵਿੱਚ ਜੇਕਰ ਕੋਈ ਕਮੀ ਹੋਵੇ ਤਾਂ ਉਸ ਨੂੰ ਤੁਰੰਤ ਦੂਰ ਕਰਵਾਇਆ ਜਾਵੇ ਤਾਂ ਜੋ ਵੋਟਰਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਨੇ ਐਸ.ਡੀ.ਐਮਜ਼/ਰਿਟਰਨਿੰਗ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਨਾਮਜ਼ਦਗੀਆਂ ਪ੍ਰਾਪਤ ਕਰਨ ਮੌਕੇ ਦਫਤਰਾਂ ਵਿੱਚ ਬੇਲੋੜੀ ਭੀੜ ਨਾ ਹੋਣ ਦਿੱਤੀ ਜਾਵੇ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਇਸ ਤੋਂ ਇਲਾਵਾ ਪੜਤਾਲ ਉਪਰੰਤ ਆਪਣੇ ਦਫ਼ਤਰਾਂ ਵਿੱਚ ਸੂਚੀ ਲਗਾਈ ਜਾਵੇ।

ਉਨ੍ਹਾਂ ਨੇ ਸਮੂਹ ਰਿਟਰਨਿੰਗ ਅਧਿਕਾਰੀਆਂ ਨੂੰ ਆਪੋ ਆਪਣੇ ਚੋਣ ਹਲਕਿਆਂ ਦੀ ਵੋਟਰ ਸੂਚੀ ਵੀ ਆਪਣੇ ਕੋਲ ਰੱਖਣ ਲਈ ਆਖਿਆ। ਇਸ ਤੋਂ ਇਲਾਵਾ ਚੋਣ ਅਮਲੇ ਦੀ ਸਿਖਲਾਈ, ਪੋਲਿੰਗ ਪਾਰਟੀਆਂ ਦੀ ਰਵਾਨਗੀ ਅਤੇ ਵਾਪਸੀ ਤੇ ਬੈਲੇਟ ਬਕਸਿਆਂ ਦੀ ਸੁਰੱਖਿਅਤ ਸਟੋਰੇਜ, ਗਿਣਤੀ ਕੇਂਦਰਾਂ ਦੀ ਨਿਸ਼ਾਨਦੇਹੀ ਆਦਿ ਸਾਰੀਆਂ ਪ੍ਰਕਿਰਿਆਵਾਂ ਤੇ ਵੀ ਜ਼ੋਰ ਦਿੱਤਾ।

ਜ਼ਿਲ੍ਹਾ ਪੁਲਿਸ ਤੋਂ ਆਏ ਐਸ ਪੀ (ਐੱਚ) ਮੋਹਿਤ ਅਗਰਵਾਲ, ਡੀ ਐਸ ਪੀ (ਐੱਚ) ਵਰਿੰਦਰ ਸਿੰਘ ਖੋਸਾ ਨੂੰ ਨਾਮਜ਼ਦਗੀ ਅਮਲ, ਪੜਤਾਲ ਆਦਿ ਦੌਰਾਨ ਅਤੇ ਚੋਣ ਬੂਥਾਂ ਤੇ ਸਟਰਾਂਗ ਰੂਮਜ਼ ਦੀ ਉਚਿੱਤ ਸੁਰੱਖਿਆ ਬੰਦੋਬਸਤ ਕਰਨ ਲਈ ਆਖਿਆ।

ਉਨ੍ਹਾਂ ਸਮੂਹ ਰਾਜਨੀਤਕ ਪਾਰਟੀਆਂ ਅਤੇ ਸੰਭਾਵੀ ਉਮੀਦਵਾਰਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਬੇਲੋੜੇ ਟਕਰਾਅ ਤੋਂ ਬਚਿਆ ਜਾ ਸਕੇ ਅਤੇ ਅਮਨ ਕਾਨੂੰਨ ਨੂੰ ਬਰਕਰਾਰ ਰੱਖਿਆ ਜਾ ਸਕੇ।

13 February 2026

ਨਜਾਇਜ਼ ਕਬਜ਼ੇ ਨਾ ਹਟੇ ਤਾਂ ਸੰਘਰਸ਼ ਹੋਰ ਤਿੱਖਾ ਕਰਾਂਗੇ-ਡੱਲਾ

H S Dalla Sent on Friday 13th February 2026 at 14:51 Regarding Sri Guru Ravidas Bhawan

ਸ੍ਰੀ ਗੁਰੂ ਰਵਿਦਾਸ ਭਵਨ ਦੇ ਪ੍ਰਬੰਧਕਾਂ ਵੱਲੋਂ ਨਗਰ ਕੌਂਸਲ ਖਰੜ ਨੂੰ ਚੇਤਾਵਨੀ 


ਖਰੜ: 13 ਫਰਵਰੀ 2026: (ਹਰਨਾਮ ਸਿੰਘ ਡੱਲਾ//ਮੋਹਾਲੀ ਸਕਰੀਨ ਡੈਸਕ)::

ਕੁਰਾਲੀ ਰੋਡ ਖਰੜ ਵਿਖੇ ਸ੍ਰੀ ਗੁਰੂ ਰਵਿਦਾਸ ਭਵਨ ਦੇ ਪ੍ਰਬੰਧਕਾਂ ਨੇ ਨਗਰ ਕਾਉਂਸਿਲ ਅਤੇ ਸਬੰਧਤ ਵਾਰਡ ਨੰਬਰ ਤਿੰਨ ਦੀ ਕੌਂਸਲਰ ਦੇ ਖਿਲਾਫ ਇੱਕ ਵਿਸ਼ੇਸ਼ ਮੀਟਿੰਗ ਕਰਕੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। 

ਸਥਾਨਕ ਭਵਨ ਵਿਖੇ ਸ੍ਰੀ ਗੁਰੂ ਰਵਿਦਾਸ ਸਭਾ ਦੀ ਇਸ ਮੀਟਿੰਗ ਦੌਰਾਨ ਪ੍ਰਧਾਨ ਮਦਨ ਲਾਲ ਜਨਾਗਲ ਅਤੇ ਜਨਰਲ ਸਕੱਤਰ ਹਰਨਾਮਸਿੰਘ ਡੱਲਾ ਨੇ ਭਵਨ ਨੂੰ ਲੈਕੇ ਨਗਰ ਕਾਉਂਸਿਲ ਦੇ ਰਵਈਏ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। 

ਸ਼੍ਰੀ ਡੱਲਾ ਨੇ ਮੀਟਿੰਗ ਦੌਰਾਨ ਦੱਸਿਆ ਕਿ ਇਸ ਭਵਨ ਦੀ ਸਥਾਪਨਾ ਬਾਕਾਇਦਾ ਵਿਧੀਵਤ ਢੰਗ ਤਰੀਕੇ ਨਾਲ ਕੀਤੀ ਗਈ ਹੈ ਅਤੇ ਇਸ ਥਾਂ ਤੇ ਸਿਹਤਮੰਦ ਸਮਾਜ ਦੀ ਸਿਰਜਨਾਂ ਲਈ ਅਕਸਰ ਸੈਮੀਨਾਰ ਵੀ ਕਰਾਏ ਜਾਂਦੇ ਹਨ। ਇਹਨਾਂ ਪ੍ਰੋਗਰਾਮਾਂ ਵਿੱਚ ਬਹੁਤ ਉੱਚ ਪੱਧਰ ਦੀਆਂ ਸ਼ਖਸੀਅਤਾਂ ਭਾਗ ਲੈਂਦੀਆਂ ਹਨ। 

ਇਸ ਭਵਨ ਦੇ ਪਿਛੋਕੜ ਬਾਰੇ ਉਹਨਾਂ ਦੱਸਿਆ ਕਿ ਇਸ ਇਮਾਰਤ ਦੀ ਉਸਾਰੀ ਸਭਾ ਦੀ ਮੰਗ ਉੱਤੇ  ਸਰਕਾਰ ਦੇ ਨਿਰਦੇਸ਼ਾਂ ਮੁਤਾਬਿਕ ਕੀਤੀ ਗਈ ਸੀ। ਉਸ ਵੇਲੇ ਦੇ ਐਮ ਐਲ ਏ ਉਜਾਗਰ ਸਿੰਘ ਵਡਾਲੀ ਨੇ ਨੀਂਹ ਪੱਥਰ ਰੱਖਿਆ ਸੀ ਅਤੇ ਭਵਨ ਦੀ ਉਸਾਰੀ ਹੋਣ ਤੋਂ ਬਾਅਦ ਨਗਰ ਕਾਉਂਸਿਲ ਨੇ ਇਸਦੇ ਰਖ-ਰਖਾਵ ਲਈ ਇਸਦੀਆਂ ਚਾਬੀਆਂ ਸ਼੍ਰੀ ਗੁਰੂ ਰਵਿਦਾਸ ਸਭਾ (ਰਜਿ) ਨੂੰ ਸੌਂਪ ਦਿੱਤੀਆਂ ਸਨ। 

ਉਦੋਂ ਤੋਂ ਹੀ ਇਸ ਭਵਨ ਦਾ ਰੱਖ ਰਖਾਵ ਇਹੀ ਸਭਾ ਕਰਦੀ ਆ ਰਹੀ ਹੈ। ਇਸ ਭਵਨ ਤੇ ਆਉਂਦੇ ਖਰਚੇ ਵੀ ਇਹੀ ਸਭਾ ਹੀ ਕਰਦੀ ਆ ਰਹੀ ਹੈ। 

ਹੁਣ ਵੱਡੀ ਸਮਸਿਆ ਇਸ ਭਵਨ ਦੇ ਆਲੇ ਦੁਆਲੇ ਹੋ ਰਹੇ ਨਜਾਇਜ਼ ਕਬਜ਼ਿਆਂ ਦੀ ਵੀ ਹੈ। ਜਦੋਂ ਇਸ ਸੰਬੰਧੀ ਜ਼ਿਲਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਤਾਂ ਪ੍ਰਸ਼ਾਸਨ ਇਸ ਬਾਰੇ ਕੋਈ ਠੋਸ ਕਦਮ ਨਹੀਂ ਪੁੱਟਦਾ।    

ਕਰੀਬ 7 ਵਿੱਘੇ ਚਾਰ ਵਿਸਵੇ ਥਾਂ ਦਾ ਕਾਫੀ ਹਿੱਸਾ ਇਹਨਾਂ ਨਜਾਇਜ਼ ਕਬਜ਼ਿਆਂ ਵਾਲਿਆਂ ਨੇ ਮੱਲਿਆ  ਹੋਇਆ ਹੈ। ਇਸ ਸੰਬੰਧੀ ਸ੍ਰੀ ਗੁਰੂ ਰਵਿਦਾਸ ਸਭਾ ਨੇ ਮਾਣਯੋਗ ਮੁੱਖ ਮੰਤਰੀ ਸਾਹਿਬ ਤੋਂ ਲੈਕੇ ਹਰ ਸਮਰਥ ਅਥਾਰਟੀ ਤੱਕ ਪੱਤਰ ਵਿਹਾਰ ਵੀ ਕੀਤਾ ਅਤੇ ਨਿਜੀ ਤੌਰ ਤੇ ਵੀ ਪਹੁੰਚ ਕੀਤੀ। ਉੱਚ ਪੱਧਰ ਦੇ ਅਧਿਕਾਰੀਆਂ ਵੱਲੋਂ ਆਦੇਸ਼ ਆਉਣ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਨੇ ਕੋਈ ਯੋਗ ਕਾਰਵਾਈ ਨਹੀਂ ਕੀਤੀ। ਸਿੱਟੇ ਵੱਜੋਂ ਕਬਜ਼ਾਧਾਰੀਆਂ ਨੇ ਆਪਣੇ ਕਬਜ਼ੇ ਦਿਨ ਦਿਹਾੜੇ ਬਰਕਰਾਰ ਰੱਖੇ ਹੋਏ ਹਨ। ਜਦੋਂ ਕਿ ਡਿਪਟੀ ਕਮਿਸ਼ਨਰ ਦਫਤਰ ਵੱਲੋਂ ਆਪਣੇ ਪੱਤਰ ਮਿਤੀ 27 ਜੂਨ 2025 ਨੂੰ ਡਿਊਟੀ ਮੈਜਿਸਟਰੇਟ ਸਮੇਤ ਮਹਿਲਾ ਪੁਲਿਸ ਫੋਰਸ ਤਾਇਨਾਤ ਕਰਨ ਸੰਬੰਧੀ ਹੁਕਮ ਦਿੱਤੇ ਸਨ।  ਉਸਤੋਂ ਬਾਅਦ ਵੀ ਕਾਰਵਾਈ ਨਹੀਂ ਹੋਈ। ਇਸ ਸੰਬੰਧੀ ਸਭਾ ਨੇ ਡੀਸੀ ਦਫਤਰ ਦੇ ਚੱਕਰ ਲਗਾ ਕੇ ਬਾਰ ਬਾਰ ਯਾਦ ਵੀ ਕਰਾਇਆ।  ਜਿਸ ਉੱਤੇ ਡਿਪਟੀ ਕਮਿਸ਼ਨਰ ਦਫਤਰ ਨੇ ਮਿਤੀ ਚਾਰ ਨਵੰਬਰ 2025 ਫਿਰ 19 ਨਵੰਬਰ 2025 ਅਤੇ ਫਿਰ 11 ਦਸੰਬਰ 2025 ਨੂੰ ਈ ਓ ਨਗਰ ਕੌਂਸਿਲ ਨਿਰਦੇਸ਼ ਦਿੱਤੇ ਗਏ ਕਿ ਨਜਾਇਜ਼ ਕਬਜ਼ੇ ਚੁਕਾ ਕੇ ਡੀਸੀ ਦਫਤਰ ਨੂੰ ਰਿਪੋਰਟ ਕੀਤੀ ਜਾਵੇ। ਪਰ ਫਿਰ ਕੋਈ ਕਾਰਵਾਈ ਨਹੀਂ ਹੋਈ।

ਇਸ ਮਸਲੇ ਨੂੰ ਉਲਝਾਉਣ ਅਤੇ ਲੀਹੋਂ ਲਾਹੁਣ ਵਿੱਚ ਵਾਰਡ ਨੰਬਰ ਤਿੰਨ ਦੀ ਐਮ ਸੀ ਵੱਲੋਂ ਜਾਣਬੁਝ ਕੇ ਸਰਗਰਮੀ ਦਿਖਾਈ ਜਾ ਰਹੀ ਹੈ। ਇਹ ਕੌਂਸਲਰ ਨਗਰ  ਕੌਂਸਲ ਪ੍ਰਧਾਨ ਅਤੇ ਪੱਤਰਕਾਰਾਂ ਨੂੰ ਵੀ ਗੁਮਰਾਹ ਕਰਦੀ ਆ ਰਹੀ ਹੈ। 

ਇਸ ਤੋਂ ਤੰਗ ਆ ਕੇ ਸ੍ਰੀ ਗੁਰੂ ਰਵਿਦਾਸ ਸਭਾ ਨੇ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਹੈ। ਜੇਕਰ 28 ਫਰਵਰੀ ਤਕ ਸਾਡੀਆਂ ਮੰਗਾਂ ਨਾ ਮੰਨਿਆਂ ਗਈਆਂ ਤਾਂ ਅਸੀਂ ਤਿੱਖੇ ਸੰਘਰਸ਼ ਲਈ ਮਜਬੂਰ ਹੋਵਾਂਗੇ ਜਿਸਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਸਿਰ ਹੋਵੇਗੀ।

12 November 2025

ਜੁਰਮ ਅਤੇ ਮੁਜਰਮਾਂ 'ਤੇ ਪੁਲਿਸ ਦਾ ਇੱਕ ਹੋਰ ਵਾਰ//ਦੋ ਪਿਸਤੌਲ ਬਰਾਮਦ

Emailed From IPRO Mohali on Wednesday 12th November 2025 at 7:54 PM Regarding A Crime News 

ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਕਾਰਕੁਨ ਸੰਖੇਪ ਗੋਲੀਬਾਰੀ ਤੋਂ ਬਾਅਦ ਕਾਬੂ 

*ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਹੋਣਗੇ ਕਈ ਖੁਲਾਸੇ 

*ਉਨ੍ਹਾਂ ਦੇ ਹੈਂਡਲਰ ਗੋਲਡੀ ਢਿੱਲੋਂ ਨੇ ਕਾਰੋਬਾਰੀ ਨੂੰ ਨਿਸ਼ਾਨਾ ਬਣਾਉਣ ਦਾ ਸੌਂਪਿਆ ਸੀ ਕੰਮ 

*ਡੀਜੀਪੀ ਗੌਰਵ ਯਾਦਵ ਨੇ ਕੀਤੇ ਅਹਿਮ ਖੁਲਾਸੇ 

*ਨਿਸ਼ਾਨੇ ਤੇ ਸੀ ਪੰਜਾਬ ਦਾ ਇੱਕ ਕਾਰੋਬਾਰੀ 

*ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸਿ਼ਸ਼ ਵਿੱਚ ਮੁਲਜ਼ਮਾਂ ਨੇ ਪੁਲਿਸ `ਤੇ ਚਲਾਈ ਗੋਲੀ
*-ਐਸਐਸਪੀ ਐਸ.ਏ.ਐਸ. ਨਗਰ ਹਰਮਨਦੀਪ ਹੰਸ ਨੇ ਦਿੱਤਾ ਵੇਰਵਾ 


ਚੰਡੀਗੜ੍ਹ/ਐਸਏਐਸ ਨਗਰ: 12 ਨਵੰਬਰ 2025: (ਮੀਡੀਆ ਲਿੰਕ ਰਵਿੰਦਰ / /ਮੋਹਾਲੀ ਸਕਰੀਨ)::

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ `ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਦਰਜ ਕਰਦਿਆਂ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏ.ਜੀ.ਟੀ.ਐਫ.) ਪੰਜਾਬ ਨੇ ਐਸ.ਏ.ਐਸ. ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਤਹਿਤ ਅੰਬਾਲਾ-ਡੇਰਾ ਬੱਸੀ ਹਾਈਵੇਅ ਦੇ ਘੱਗਰ ਪੁਲ `ਤੇ ਹੋਈ ਗੋਲੀਬਾਰੀ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਦੇਸ਼ੀ ਗੈਂਗਸਟਰ ਗੋਲਡੀ ਢਿੱਲੋਂ ਨਾਲ ਜੁੜੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਗੈਂਗਸਟਰ ਸਾਜਿ਼ਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੋਹਾਲੀ ਦੇ ਮੋਟੇਮਾਜਰਾ ਦੇ ਰਹਿਣ ਵਾਲੇ ਸ਼ਰਨਜੀਤ ਸਿੰਘ ਜੋ ਮੌਜੂਦਾ ਸਮੇਂ ਟੰਗੋਰੀ (ਮੋਹਾਲੀ) ਵਿਚ ਰਹਿ ਰਿਹਾ ਹੈ ਅਤੇ ਅਮਨ ਕੁਮਾਰ ਵਾਸੀ ਖਿਜਰਗੜ੍ਹ, ਜ਼ੀਰਕਪੁਰ (ਮੋਹਾਲੀ) ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਚੋਂ ਦੋ .32 ਬੋਰ ਪਿਸਤੌਲਾਂ ਸਮੇਤ 10 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਬਜਾਜ ਡਿਸਕਵਰ ਮੋਟਰਸਾਈਕਲ, ਜਿਸ `ਤੇ ਉਹ ਸਵਾਰ ਸਨ,ਨੂੰ ਵੀ ਜ਼ਬਤ ਕੀਤਾ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਪਿਛਲੇ ਮਹੀਨੇ ਰਾਜਪੁਰਾ ਵਿੱਚ ਵਾਪਰੀ ਗੋਲੀਬਾਰੀ ਦੀ ਵਾਰਦਾਤ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮਾਂ ਨੂੰ ਗੋਲਡੀ ਢਿੱਲੋਂ ਨੇ ਪੰਜਾਬ ਵਿੱਚ ਇੱਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਸੌਂਪਿਆ ਸੀ।

ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਏ.ਜੀ.ਟੀ.ਐਫ. ਪ੍ਰਮੋਦ ਬਾਨ ਨੇ ਦੱਸਿਆ ਕਿ ਵਿਦੇਸ਼ੀ ਗੈਂਗਸਟਰ ਗੋਲਡੀ ਢਿੱਲੋਂ ਇਸ ਸਾਲ ਅਕਤੂਬਰ ਵਿੱਚ ਐਬਟਸਫੋਰਡ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਇੱਕ ਭਾਰਤੀ ਮੂਲ ਦੇ ਉਦਯੋਗਪਤੀ ਦੀ ਦਿਨ-ਦਿਹਾੜੇ ਹੋਈ ਹੱਤਿਆ ਦਾ ਵੀ ਮਾਸਟਰਮਾਈਂਡ ਸੀ।

ਡੀਆਈਜੀ ਏ.ਜੀ.ਟੀ.ਐਫ. ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਮੁਲਜ਼ਮ ਅਮਨ ਵਿਰੁੱਧ ਹਥਿਆਰਾਂ ਸਬੰਧੀ ਅਪਰਾਧਾਂ ਦੇ ਮਾਮਲੇ ਵਿੱਚ ਦੋ ਐਫਆਈਆਰਜ਼ ਦਰਜ ਹਨ।

ਆਪ੍ਰੇਸ਼ਨ ਸੰਬੰਧੀ ਵੇਰਵੇ ਸਾਂਝੇ ਕਰਦੇ ਹੋਏ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਹਰਮਨਦੀਪ ਹੰਸ, ਜੋ ਐਸ.ਪੀ. (ਦਿਹਾਤੀ) ਮਨਪ੍ਰੀਤ ਸਿੰਘ ਦੇ ਨਾਲ ਮੌਕੇ ਦਾ ਦੌਰਾ ਕਰ ਰਹੇ ਸਨ, ਨੇ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਕਾਰਕੁਨਾਂ ਦੀਆਂ ਗਤੀਵਿਧੀਆਂ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ।

ਐਸ.ਐਸ.ਪੀ. ਨੇ ਕਿਹਾ ਕਿ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ, ਡੀਐਸਪੀ ਡੇਰਾਬੱਸੀ ਬਿਕਰਮਜੀਤ ਬਰਾੜ ਦੀ ਅਗਵਾਈ ਵਿੱਚ ਏ.ਜੀ.ਟੀ.ਐਫ. ਅਤੇ ਐਸਏਐਸ ਨਗਰ ਦੀਆਂ ਪੁਲਿਸ ਟੀਮਾਂ ਨੇ ਸਾਂਝੀ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ, ਮੁਲਜ਼ਮਾਂ ਨੇ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸਿ਼਼ਸ਼ ਤਹਿਤ ਪੁਲਿਸ ਪਾਰਟੀ `ਤੇ ਗੋਲੀਬਾਰੀ ਕੀਤੀ। ਪੁਲਿਸ ਵੱਲੋਂ ਵੀ ਜਵਾਬੀ ਗੋਲੀਬਾਰੀ ਕੀਤੀ ਗਈ ਤੇ ਦੋਵਾਂ ਮੁਲਜ਼ਮਾਂ ਨੂੰ ਗੋਲੀਆਂ ਲੱਗੀਆਂ।

ਇਸ ਸਬੰਧ ਵਿੱਚ, ਬੀਐਨਐਸ ਦੀ ਧਾਰਾ 109, 132, 221 ਅਤੇ 3 (5) ਅਤੇ ਅਸਲਾ ਐਕਟ ਦੀ ਧਾਰਾ 25 ਦੇ ਤਹਿਤ ਐਫਆਈਆਰ ਨੰਬਰ 324 ਮਿਤੀ 12/11/2025 ਨੂੰ ਐਸਏਐਸ ਨਗਰ ਦੇ ਪੁਲਿਸ ਸਟੇਸ਼ਨ ਡੇਰਾਬੱਸੀ ਵਿਖੇ ਕੇਸ ਦਰਜ ਕੀਤਾ ਗਿਆ ਹੈ।

01 June 2025

UTUC ਯੂਨੀਅਨ ਆਈ ਖੁੱਲ੍ਹ ਕੇ ਮੋਹਾਲੀ ਦੇ ਫ਼ੂਡ ਵੈਂਡਰਜ਼ ਨਾਲ

From  Simrandeep Singh on Saturday 31st May 2025 at 10:56 AM Regarding Street Vendors

ਸਮੱਸਿਆਵਾਂ ਦੂਰ ਕਰਨ ਲਈ ਬਣਾਈ ਰਣਨੀਤੀ 

*ਯੂਨਾਇਟੇਡ ਟ੍ਰੇਡ ਯੂਨੀਅਨ ਕਾਂਗਰਸ (UTUC) ਮੋਹਾਲੀ ਵੱਲੋਂ ਮਹੱਤਵਪੂਰਨ ਮੀਟਿੰਗ। 

*ਫ਼ੂਡ ਵੈਂਡਰਜ਼ ਵੱਲੋਂ ਵੀ ਯੂਨਾਈਟਡ ਟ੍ਰੇਡ ਯੂਨੀਅਨ 'ਤੇ ਭਰੋਸਾ ਜਤਾਇਆ ਗਿਆ। 

*ਉਮੀਦ ਜਤਾਈ ਕਿ ਹੁਣ ਹੋਵੇਗਾ ਸਾਡੀਆਂ ਸਮੱਸਿਆਵਾਂ  ਦਾ ਹੱਲ। 


ਮੋਹਾਲੀ
: (ਸਿਮਰਨਦੀਪ ਸਿੰਘ//ਸੁਰਿੰਦਰ ਬਾਵਾ//ਮੋਹਾਲੀ ਸਕਰੀਨ ਡੈਸਕ):: 
ਰੇਹੜੀ ਫੜ੍ਹੀ ਵਾਲੇ ਛੋਟੇ ਛੋਟੇ ਦੁਕਾਨਦਾਰ ਅਸਲ ਵਿੱਚ ਉਹ ਲੋਕ ਹਨ ਜਿਹੜੇ ਆਮ, ਗਰੀਬ ਅਤੇ ਮੱਧ ਵਰਗੀ ਲੋਕਾਂ ਤੱਕ ਜ਼ਿੰਦਗੀ ਲਈ ਲੁੜੀਂਦੀਆਂ ਸਾਰੀਆਂ ਚੀਜ਼ਾਂ ਵਸਤਾਂ ਬੜਾ ਵਾਜਬ ਜਿਹਾ ਮੁਨਾਫ਼ਾ ਲੈਕੇ ਪਹੁੰਚਾਉਂਦੇ ਹਨ। ਜਿਹੜੇ ਲੋਕ ਵੱਡੇ ਵੱਡੇ ਹੋਟਲਾਂ, ਰੈਸਟੋਰੈਂਟਾਂ ਅਤੇ ਮਾਲ ਪਲਾਜ਼ਿਆਂ ਵੱਲ ਦੇਖਣ ਦੀ ਹਿੰਮਤ ਵੀ ਨਹੀਂ ਕਰ ਸਕਦੇ ਉਹ ਇਹਨਾਂ ਕੋਲ ਆ ਕੇ ਹੀ ਜਿਥੇ ਘਰ ਦਾ ਸਮਾਂ ਲਿਜਾਂਦੇ ਹਨ ਉਥੇ ਗੋਲਗੱਪੇ, ਚਾਹ-ਕਾਫ਼ੀ ਅਤੇ ਕੁਲਫੀਆਂ ਖਾਣ ਦਾ ਸੁਆਦ ਪੂਰਾ ਕਰਦੇ ਹਨ। ਇਹਨਾਂ ਬਦਲੇ ਇਹ ਰੇਹੜੀਆਂ ਫੜ੍ਹੀਆਂ ਵਾਲੇ ਕਦੇ ਕਿਸੇ ਦੀ ਛਿੱਲ ਨਹੀਂ ਲਾਹੁੰਦੇ। ਵਾਜਬ ਜਿਹਾ ਭਾਅ, ਮਿੱਠੇ ਜਿਹੇ ਬੋਲ ਅਤੇ ਸਾਹਮਣੇ ਦੇਖ ਕੇ ਬਣਾਈ ਗਈ ਚੀਜ਼ ਜਿਸ ਵਿੱਚ ਕੋਈ ਓਹਲਾ ਵੀ ਨਹੀਂ ਹੁੰਦਾ। ਮੂੰਗਫਲੀ ਅਤੇ ਸਬਜ਼ੀਆਂ ਤੋਂ ਲੈਕੇ ਦਲ ਰੋਟੀ ਅਤੇ ਪਰੌਂਠਿਆਂ ਤੱਕ ਇਹ ਸਾਰੀਆਂ ਜ਼ਰੂਰੀ ਚੀਜ਼ਾਂ ਗਲੀ ਮੋਹਲਿਆਂ ਵਿੱਚ ਆਮ ਲੋਕਾਂ ਨੂੰ ਮੁਹਈਆ ਕਰਦੇ ਹਨ।

ਪਰ ਇਹਨਾਂ ਦੀ ਜ਼ਿੰਦਗੀ ਕਦਮ ਕਦਮ ਤੇ ਸਮੱਸਿਆਵਾਂ ਨਾਲ ਜੂਝਣ ਵਾਲੀ ਹੈ। ਇਹਨਾਂ ਮਸਲਿਆਂ ਦਾ ਗੰਭੀਰਤਾ ਨਾਲ ਨੋਟਿਸ ਲਿਆ ਹੈ ਯੂਨਾਇਟੇਡ ਟ੍ਰੇਡ ਯੂਨੀਅਨ ਕਾਂਗਰਸ (UTUC) ਨੇ। ਇਸ ਸਬੰਧੀ ਮੋਹਾਲੀ, ਲੁਧਿਆਣਾ ਅਤੇ ਹੋਰਨਾਂ ਥਾਂਵਾਂ ਤੇ ਵੀ ਇਹਨਾਂ ਲੋਕਾਂ ਨਾਲ ਸੰਪਰਕ ਕੀਤਾ ਗਿਆ ਹੈ। ਯੂਨੀਅਨ ਦੇ ਮੋਹਾਲੀ ਯੂਨਿਟ ਵੱਲੋਂ ਇਕ ਜ਼ਿਲ੍ਹਾ ਪੱਧਰੀ ਮਹੱਤਵਪੂਰਨ ਮੀਟਿੰਗ ਜਿਲ੍ਹਾ ਪ੍ਰਧਾਨ ਸੁਰਿੰਦਰ ਬਾਵਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਮੋਹਾਲੀ ਇਲਾਕੇ ਦੇ ਫੂਡ ਵੈਂਡਰਜ਼ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਮੀਟਿੰਗ ਵਿੱਚ ਯੂਨੀਅਨ ਨਾਲ ਸਬੰਧਤ ਕਈ ਸੀਨੀਅਰ ਆਗੂਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਸ਼ਾਮਲ ਸਨ:ਮਹਾਕਾਲ ਜਥੇਦਾਰ ਸਰਬਜੀਤ ਸਿੰਘ ਖ਼ਾਲਸਾ, ਕੇਂਦਰੀ ਕਮੇਟੀ ਮੈਂਬਰ,ਕਾਮਰੇਡ ਹਵਾ ਸਿੰਘ, ਕੌਮੀ ਮੀਤ ਪ੍ਰਧਾਨ, UTUC,ਕਰਨੈਲ ਸਿੰਘ ਇਕੋਲਾਹਾ, ਕੌਮੀ ਜਨਰਲ ਸਕੱਤਰ, ਆਲ ਇੰਡੀਆ ਸੰਯੁਕਤ ਕਿਸਾਨ ਸਭਾ ,ਸਿਮਰਨਦੀਪ ਸਿੰਘ ਕੇਂਦਰੀ ਕਮੇਟੀ ਮੈਂਬਰ  ਕ੍ਰਾਂਤੀਕਾਰੀ ਯੂਥ ਫ਼ਰੰਟ ਅਤੇ ਹੋਰਾਂ ਨੇ ਵੀ ਆਪੋ ਆਪਣੇ ਵਿਚਾਰ ਰੱਖੇ। 

ਇਹਨਾਂ ਆਗੂਆਂ ਨੇ ਮੀਟਿੰਗ ਵਿੱਚ ਇਹ ਗੱਲ ਉਜਾਗਰ ਕੀਤੀ ਕਿ ਮਜ਼ਦੂਰਾਂ, ਕਿਸਾਨਾਂ ਅਤੇ ਹੋਰਨਾਂ ਗੈਰ ਰਸਮੀ ਖੇਤਰਾਂ ਵਿੱਚ ਕੰਮ ਕਰਨ ਵਾਲਿਆਂ ਦੀ ਏਕਤਾ ਹੀ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਵਰਗਾਂ ਨੂੰ ਇਜ਼ਤਦਾਰ ਜੀਵਨ ਅਤੇ ਸੁਰੱਖਿਆ ਯਕੀਨੀ ਬਣਾਏ। ਇਹ ਮੰਗ ਇਹਨਾਂ ਕਿਰਤੀਆਂ ਦਾ ਹੱਕ ਵੀ ਬਣਦਾ ਹੈ। 

ਉਹਨਾਂ ਅੱਗੇ ਕਿਹਾ ਕਿ ਇਹ ਫੂਡ ਵੈਂਡਰਜ਼ ਜੋ ਕਿ ਇਸ ਮੱਧਵਰਗੀ ਅਰਥਵਿਵਸਥਾ ਦਾ ਮਹਤੱਵਪੂਰਨ ਹਿੱਸਾ ਹਨ, ਅਕਸਰ ਨਜ਼ਰ ਅੰਦਾਜ਼ੀ, ਦਮਨ ਅਤੇ ਮੌਲਿਕ ਸਹੂਲਤਾਂ ਦੀ ਘਾਟ ਦਾ ਸ਼ਿਕਾਰ ਹੁੰਦੇ ਹਨ। ਮੀਟਿੰਗ ਦੌਰਾਨ ਇਹਨਾਂ ਲਈ ਕੁਝ ਮੁੱਖ ਫੈਸਲੇ  ਵੀ ਲੈ ਗਏ ਜਿਹਨਾਂ ਵਿੱਚ ਫੂਡ ਵੇਂਡਰਾਂ ਦੇ ਲਾਇਸੈਂਸ ਦਾ ਮਸਲਾ, ਪੁਲਿਸ ਦਖਲਅੰਦਾਜ਼ੀ, ਅਚਾਨਕ ਉਜਾੜੇ ਅਤੇ ਅਜਿਹੀਆਂ ਹੀ ਹੋਰ ਕਾਰਵਾਈਆਂ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ। ਵੱਖਰੇ ਥਾਵਾਂ ਦੀ ਘਾਟ ਵਰਗੀਆਂ ਸਮੱਸਿਆਵਾਂ ਦਾ ਵੀ ਤੁਰੰਤ ਨਿਵਾਰਨ ਕਰਨ ਲਈ ਯੂਨੀਅਨ ਵੱਲੋਂ ਜਲਦੀ ਹੀ ਮੋਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨਾਲ ਇਕ ਵਫਦ ਦੀ ਮੁਲਾਕਾਤ ਕਰਕੇ ਇਹ ਮਸਲੇ ਉਨ੍ਹਾਂ ਸਾਹਮਣੇ ਰੱਖੇ ਜਾਣਗੇ।

ਫੂਡ ਵੈਂਡਰਜ਼ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਨ ਅਤੇ ਜਨਤਾ ਵਿੱਚ ਜਾਗਰੂਕਤਾ ਫੈਲਾਉਣ ਲਈ ਇਕ ਸ਼ਹਿਰ ਪੱਧਰੀ ਜਾਗਰੂਕਤਾ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ ।

ਸੁਰਿੰਦਰ ਬਾਵਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ UTUC ਹਰ ਹਾਲਤ ਵਿੱਚ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਫੂਡ ਵੇਂਡਰਾਂ ਦੀ ਕਾਨੂੰਨੀ ਪੁਸ਼ਟੀ ਅਤੇ ਸੁਚੱਜੇ ਢੰਗ ਨਾਲ ਰੈਗੂਲੇਸ਼ਨ ਨੂੰ ਯਕੀਨੀ ਬਣਾਇਆ ਜਾਵੇ। ਮੀਟਿੰਗ ਦੋਰਾਨ ਭਾਰੀ ਇਕੱਠ ਹੋਇਆ ਅਤੇ ਪੰਕਜ ,ਰਾਜੂ,ਤੁਨ ਤੁਨ ਸ਼ਰਮਾ , ਬਲਜਿੰਦਰ ਸਿੰਘ, ਅਮਿਤ ਆਪਣੇ ਸਾਥੀਆਂ ਸਮੇਤ ਹਾਜ਼ਰ ਰਹੇ ਅਤੇ ਜੱਥੇਬੰਦੀ ਦੀ ਮਜ਼ਬੂਤੀ ਲਈ ਵੱਧ ਚੜ੍ਹ ਕੇ ਹਿੱਸਾ ਪਾਉਣ ਦਾ ਪ੍ਰਣ ਲਿਆ ਅਤੇ UTUC ਉੱਪਰ ਆਪਣਾ ਭਰੋਸਾ ਜਤਾਇਆ ਕਿ ਇਹ ਟੀਮ ਹੀ ਸਾਡੇ ਦੁੱਖ ਨੂੰ ਸਮਝ ਕੇ ਸਾਡੀ ਮਦਦ ਲਈ ਅੱਗੇ ਆਈ ਹੈ ਸਮੁੱਚੀ ਟੀਮ,ਉਹਦੇਦਾਰਾ ਦਾ ਧੰਨਵਾਦ ਕੀਤਾ ਗਿਆ ਜਿਨਾਂ ਦੇ ਆਉਣ ਨਾਲ ਗੈਰ ਸਮਾਜਿਕ ਤੱਤਾਂ ਨੂੰ ਠੱਲ੍ਹ ਪੈ ਗਈ ਹੈ ਅਤੇ ਉਹਨਾਂ ਨੇ ਕਿਹਾ ਕਿ ਭਵਿੱਖ ਵਿੱਚ ਹੁਣ ਸਾਨੂੰ ਕਿਸੇ ਵੀ ਸਰਕਾਰੀ ਅਧਿਕਾਰੀ ਅਤੇ ਗੁੰਡਾ ਗਰਦੀ ਕਰਨ ਵਾਲੇ ਲੋਕਾ ਵਲੋਂ ਨਜਾਇਜ਼ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਸਾਨੂੰ ਪੂਰਨ ਵਿਸ਼ਵਾਸ ਹੈ ਅਤੇ ਲੋਕਾਂ ਦੀਆ ਕਈ ਪਰੇਸ਼ਾਨੀਆ ਮੌਕੇ 'ਤੇ ਹੀ ਆਪਸੀ ਗੱਲਬਾਤ ਕਰਵਾ ਕੇ ਸੁਝੱਜੇ ਢੰਗ ਨਾਲ ਸੁਲਝਾਈਆਂ ਗਈਆਂ ਅਤੇ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। 

ਯੂਨੀਅਨ ਵੱਲੋਂ ਸਿਵਲ ਸੋਸਾਇਟੀ, ਹੋਰ ਟਰੇਡ ਯੂਨੀਅਨਾਂ ਅਤੇ ਸਥਾਨਕ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਵੀ ਇਸ ਅੰਦੋਲਨ ਵਿੱਚ ਆਪਣੀ ਭੂਮਿਕਾ ਨਿਭਾਉਣ।

14 December 2024

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵਿੱਤੀ ਹਾਲਤ ਹੋਈ ਚਿੰਤਾਜਨਕ

From Journalist Gurjit Billa on Saturday 14th December 2024 at 04:50 PM PSEB Financial Crisis 

ਬੋਰਡ ਦੇ ਕਰੀਬ 548 ਕਰੋੜ ਰੁ.ਕਈ ਸਰਕਾਰੀ ਵਿਭਾਗਾਂ ਵੱਲ ਬਕਾਇਆ


ਐੱਸ ਏ ਐੱਸ ਨਗਰ
 (ਮੋਹਾਲੀ):13 ਦਸੰਬਰ 2024::(ਗੁਰਜੀਤ ਬਿੱਲਾ//ਮੋਹਾਲੀ ਸਕਰੀਨ)::

ਸਮੁੱਚੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਜਾਂਦਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ  ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਕੌਰ ਗਿੱਲ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਪੰਜਾਬ ਦੇ ਮਾਣਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲ ਕੇ ਬੋਰਡ ਦੇ ਵਿੱਤੀ ਹਾਲਾਤਾਂ ਸਬੰਧੀ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਲੱਗਭੱਗ 548 ਕਰੋੜ ਰੁਪਏ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਕੋਲ ਕਿਤਾਬਾਂ ਅਤੇ ਐਸ.ਸੀ/ਬੀ.ਸੀ ਵਿਦਿਆਰਥੀਆਂ ਦੀਆਂ ਫੀਸਾਂ ਦਾ ਬਕਾਇਆ ਪਿਆ ਹੈ ਜਿਸ ਕਾਰਨ ਬੋਰਡ ਨੂੰ ਰੋਜ਼ਮਰ੍ਹਾ ਦੇ ਖਰਚੇ ਕਰਨ ਵਿੱਚ ਵੀ ਮੁਸ਼ਕਿਲ ਆ ਰਹੀ ਹੈ।  ਇਸ ਤੇ ਗੰਭੀਰ ਨੋਟਿਸ ਲੈਂਦੇ ਹੋਏ ਮੰਤਰੀ ਸਾਹਿਬ ਜੀ ਨੇ  ਸਾਨੂੰ ਵਿਸ਼ਵਾਸ ਦਵਾਇਆ ਕਿ ਅਗਲੇ ਹਫਤੇ ਵਿੱਤ ਵਿਭਾਗ ਦੀ ਬੋਰਡ ਅਧਿਕਾਰੀਆਂ  ਅਤੇ ਬੋਰਡ ਜੱਥੇਬੰਦੀ ਨਾਲ ਇੱਕ ਮੀਟਿੰਗ ਰੱਖੀ ਜਾਵੇਗੀ ਅਤੇ ਵਿਸ਼ਵਾਸ ਦਵਾਇਆ ਕਿ ਮੀਟਿੰਗ ਦੌਰਾਨ ਹਰ ਵਿੱਤੀ ਮਸਲੇ ਨੂੰ ਹਲ ਕਰਨ ਦੀ ਕੋਸਿਸ਼ ਕੀਤੀ ਜਾਵੇਗੀ।

ਜੱਥੇਬੰਦੀ ਦੇ ਬੁਲਾਰੇ ਵੱਲੋਂ ਪ੍ਰੈੱਸ ਨੂੰ ਹੋਰ ਜਾਣਕਾਰੀ ਦਿੰਦਿਆ ਦੱਸਿਆ ਜਾਂਦਾ ਹੈ ਕਿ ਬੋਰਡ ਦੇ ਵਿੱਤੀ ਹਾਲਾਤਾਂ ਦੇ ਨਾਲ-ਨਾਲ ਮਾਨਯੋਗ ਵਿੱਤ ਮੰਤਰੀ ਹਰਪਾਲ ਚੀਮਾ ਜੀ ਨਾਲ ਬੋਰਡ ਦੇ ਹੋਰ ਅਹਿਮ ਮਸਲੇ ਜਿਵੇਂ ਕਿ ਬੋਰਡ ਵੱਲੋਂ ਚਲਾਏ ਜਾ ਰਹੇ 11 ਆਦਰਸ਼ ਸਕੂਲਾਂ ਨੂੰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਮਰਜ ਕਰਨਾ, ਕੰਟਰੈਕਟ ਅਧਾਰ ਤੇ ਕੰਮ ਕਰਦੇ ਅਤੇ ਆਪਣਾ ਪਰਖ ਕਾਲ ਪੂਰਾ ਕਰ ਚੁੱਕੇ ਪ੍ਰਿੰਸੀਪਲ, ਲੈਕਚਰਾਰ, ਅਧਿਆਪਕ, ਪੋ੍ਰਜੈਕਟ ਅਫਸਰ, ਜੂਨੀਅਰ ਆਡੀਟਰ, ਪੈਕਰ,  ਡਰਾਈਵਰ,  ਕਾਪੀ ਹੋਲਡਰ, ਕੁੱਕ ਅਤੇੇ ਵੇਟਰਾਂ ਨੂੰ ਰੈਗੂਲਰ ਕਰਨਾਂ, ਇਸ ਦੇ ਨਾਲ  ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਰਾਂਹੀ ਭਰਤੀ ਕੀਤੇ  ਕੰਟਰੈਕਟ ਅਧਾਰ ਤੇ ਕੰਮ ਕਰਦੇ  ਕਲਰਕ,  ਪੈਕਰ ,  ਹੈਲਪਰ,  ਸਵੀਪਰ ਅਤੇ ਜੇ.ਈ ਨੂੰ ਸਰਕਾਰ ਦੇ ਨੋਟੀਫਿਕੇਸ਼ਨ ਅਧੀਨ ਰੈਗੂਲਰ ਕਰਨਾ ਅਤੇ ਬੋਰਡ ਦਫਤਰ ਵਿੱਚ ਕੰਮ ਕਰਦੇ 418 ਦਿਹਾੜੀਦਾਰ ਕਰਮਚਾਰੀਆਂ ਨੂੰ ਮਿਤੀ 07-10-2022 ਦੇ ਨੋਟੀਫਿਕੇਸ਼ਨ ਦੇ ਅਧਾਰ ਤੇ ਰੈਗੂਲਰ ਕਰਨ ਦਾ ਕੇਸ ਸਰਕਾਰ ਨੂੰ ਭੇਜਿਆ ਜਾਵੇ ਜਾਂ 7ਵੇਂ ਪੇ ਕਮਿਸ਼ਨ ਅਨੁਸਾਰ ਉੱਕਾ-ਪੁੱਕਾ ਤਨਖਾਹ (18000/-) ਕੀਤੀ ਜਾਵੇ। 

ਮੀਟਿੰਗ ਦੇ ਅੰਤ ਵਿੱਚ ਮੰਤਰੀ ਜੀ ਨੇ ਪੂਰਨ ਸਹਿਯੋਗ ਦਾ ਵਿਸ਼ਵਾਸ ਦਵਾਇਆ ਅਦੇ ਭਰੋਸਾ ਦਿੱਤਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਤੀ ਮਸਲਿਆਂ ਦੇ ਨਾਲ-ਨਾਲ ਬਾਕੀ ਰਹਿੰਦੇ ਮਸਲੇ ਵੀ ਜਲਦ ਤੋਂ ਜਲਦ ਹਲ ਕਰਨ ਦੀ ਕੋਸ਼ਿਸ਼ ਕਰਾਂਗੇ।

ਸਥਾਨਕ ਸਰਕਾਰ ਚੋਣਾਂ:ਨਾਮਜ਼ਦਗੀਆਂ ਦਾ ਦੂਜਾ ਦਿਨ

DPRO on Thursday 14th May 2026 at 4:46 PM Regarding Local Govt. Elections Mohali ਸਥਾਨਕ ਸਰਕਾਰ ਚੋਣਾਂ ਲਈ ਜ਼ੀਰਕਪੁਰ ਤੋਂ ਇੱਕ ਅਤੇ ਖਰੜ ਤੋਂ ਦੋ ਨਾਮਜ਼ਦ...