17 September 2021

ਖਾੜਕੂ ਸਿੰਘ ਮੋਹਾਲੀ ਅਦਾਲਤ ਅੰਦਰ ਹੋਏ ਪੇਸ਼

17th September 2021 at 08:15 PM

  ਰਮਨਦੀਪ ਸੰਨੀ, ਪਰਮਿੰਦਰ ਹੈਰੀ ਅਤੇ ਹੋਰ ਨਿਜੀ ਤੌਰ ਤੇ ਪੇਸ਼ ਹੋਏ 

ਨਵੀਂ ਦਿੱਲੀ: 17 ਸਤੰਬਰ 2021: (ਮਨਪ੍ਰੀਤ ਸਿੰਘ ਖਾਲਸਾ//ਮੋਹਾਲੀ ਸਕਰੀਨ):

ਖਾੜਕੂਆਂ ਦੀਆਂ ਪੇਸ਼ੀਆਂ ਅਤੇ ਅਦਾਲਤਾਂ ਦੀਆਂ ਡਿਊਟੀਆਂ ਜਾਰੀ ਹਨ। ਜਿਹਨਾਂ ਦੀ ਤਸਵੀਰ ਦੇਖ ਰਹੇ ਹੋ ਇਹ ਵੀ ਕਾਂਗਰਸ ਨੇਤਾ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਅਤੇ ਇੱਕ ਸ਼ਿਵਸੈਨਾ ਨੇਤਾ ਨੂੰ ਮਾਰਨ ਦੀ ਫੇਸਬੁੱਕ ਤੇ ਸਾਜ਼ਿਸ਼ ਘੜਨ ਦਾ ਬੱਬਰ ਖਾਲਸਾ ਦੇ ਕਾਰਕੁਨ ਦਸ ਕੇ ਫੜੇ ਗਏ, ਤੇ ਹੁਣ ਜਮਾਨਤ ਤੇ ਚਲ ਰਹੇ ਰਮਨਦੀਪ ਸਿੰਘ ਸੰਨੀ, ਪਰਮਿੰਦਰ ਸਿੰਘ ਹੈਰੀ, ਹਰਬਰਿੰਦਰ ਸਿੰਘ, ਜਰਨੈਲ ਸਿੰਘ, ਅੰਮ੍ਰਿਤਪਾਲ ਕੌਰ, ਸਤਨਾਮ ਸਿੰਘ, ਤਰਸੇਮ ਸਿੰਘ ਮੋਹਾਲੀ ਵਿਖੇ ਸੰਦੀਪ ਕੁਮਾਰ ਬਾਂਸਲ ਦੀ ਅਦਾਲਤ ਅੰਦਰ ਨਿਜੀ ਤੋਰ ਤੇ ਪੇਸ਼ ਹੋਏ ਤੇ ਰਣਦੀਪ ਸਿੰਘ ਨੇ ਅਦਾਲਤ ਅੰਦਰ ਪੇਸ਼ ਹੋਣ ਦੀ ਛੁੱਟੀ ਲਈ ਹੋਈ ਸੀ, ਗੌਰਵ ਕੁਮਾਰ ਗੈਰਹਾਜ਼ਰ ਸੀ। 
ਇਸੇ ਮਾਮਲੇ ਵਿਚ ਨਾਮਜਦ ਸੁਖਪ੍ਰੀਤ ਸਿੰਘ ਦੀ ਨਾਭਾ ਜੇਲ੍ਹ ਅੰਦਰ ਮੌਤ ਹੋ ਗਈ ਸੀ । ਅਜ ਚਲੇ ਮਾਮਲੇ ਵਿਚ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਹੋਈ ਤੇ ਪੇਸ਼ ਹੋਏ ਨਾਮਜਦ ਖੱਜਲ ਖੁਆਰ ਹੁੰਦੇ ਵਾਪਿਸ ਮੁੜ ਗਏ। ਇਸ ਤਰ੍ਹਾਂ ਕਈ ਵਾਰ ਹੁੰਦਾ ਹੈ। 
ਇਹਨਾਂ ਸਿੰਘਾਂ ਵਲੋਂ ਅਦਾਲਤ ਅੰਦਰ ਸਰਬਜੀਤ ਸਿੰਘ ਅਤੇ ਸਿਮਰਨਜੀਤ ਸਿੰਘ ਦੇ ਸਹਾਇਕ ਵਕੀਲ ਪੇਸ਼ ਹੋਏ ਸਨ। ਜਿਕਰਯੋਗ ਹੈ ਕਿ ਮਾਮਲੇ ਵਿਚ ਨਾਮਜ਼ਦ ਰਮਨਦੀਪ ਸੰਨੀ ਅਤੇ ਪਰਮਿੰਦਰ ਹੈਰੀ ਨੂੰ ਬਠਿੰਡਾ ਪੁਲਿਸ ਨੇ ਰੁਟੀਨ ਹਾਜ਼ਿਰੀ ਲਈ ਠਾਣੇ ਸੱਦਿਆ ਸੀ ਤੇ ਓਥੋਂ ਦੀ ਇਨ੍ਹਾਂ ਨੂੰ ਮੋਹਾਲੀ ਪੁਲਿਸ ਨੂੰ ਸੋਂਪ ਦਿਤਾ ਗਿਆ ਸੀ। ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 5 ਅਕਤੂਬਰ ਨੂੰ ਹੋਵੇਗੀ। 

ਪੰਜਾਬ ਰਾਜ, ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਮਿਲੀ ਸ਼ਿਕਾਇਤ

17th September 2021 at 07:01 PM
 ਸ਼ਿਕਾਇਤ ਦੇ ਮੱਦੇਨਜ਼ਰ ਕੀਤਾ ਰਸੂਲਪੁਰ ਵਿਖੇ ਵਿਸ਼ੇਸ਼ ਦੌਰਾ 
>  ਐਸ.ਐਚ.ਓ.ਨੂੰ ਐਟਰੋਸਿਟੀ ਐਕਟ ਅਧੀਨ ਕਾਰਵਾਈ ਕਰਨ ਦੇ ਹੁਕਮ
>  ਕਿਹਾ, ਐਸ.ਆਈ.ਟੀ ਰਿਪੋਰਟ 24 ਸਤੰਬਰ ਤੱਕ ਕਰੇ ਪੇਸ਼ 

ਐਸ.ਏ.ਐਸ. ਨਗਰ
: 17 ਸਤੰਬਰ 2021: (ਮੋਹਾਲੀ ਸਕਰੀਨ ਬਿਊਰੋ)::
ਮੈਂਬਰਜ਼, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸਰਪੰਚ, ਗ੍ਰਾਮ ਪੰਚਾਇਤ, ਪਿੰਡ ਰਸੂਲਪੁਰ, ਬਲਾਕ ਮਾਜਰੀ, ਜਿਲਾ ਐਸ.ਏ.ਐਸ ਨਗਰ ਵਿਖੇ ਮਿਲੀ ਸ਼ਿਕਾਇਤ ਦੇ ਮੱਦੇਨਜ਼ਰ ਦੌਰਾ ਕੀਤਾ ਗਿਆ ।  ਇਸ ਮੌਕੇ ਮੈਂਬਰਜ਼ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸ਼੍ਰੀ ਰਾਜ ਕੁਮਾਰ ਹੰਸ ਅਤੇ ਸ਼੍ਰੀ ਨਵਪ੍ਰੀਤ ਸਿੰਘ ਵੱਲੋਂ ਮਿਲੀ ਸ਼ਿਕਾਇਤ ਦੇ ਸਬੰਧ ਵਿੱਚ ਸਰਪੰਚ ਗ੍ਰਾਮ ਪੰਚਾਇਤ, ਪਿੰਡ ਰਸੂਲਪੁਰ ਅਤੇ ਉੱਥੇ ਮੌਜੂਦ ਅਨੁਸੂਚਿਤ ਜਾਤੀ ਦੇ ਵਿਅਕਤੀਆਂ ਕੋਲੋਂ ਸਾਰੀ ਸਥਿਤੀ ਬਾਰੇ ਜਾਣਕਾਰੀ ਲਈ ਗਈ ।  ਇਸ ਦੌਰਾਨ ਪਿੰਡ ਵਾਸੀਆਂ ਨੇ ਅਨੂਸੂਚਿਤ ਜਾਤੀ ਲਈ ਰਾਖਵੀਂ ਰੱਖੀ ਗਈ ਸ਼ਮਸ਼ਾਨ ਘਾਟ ਅਤੇ ਹੱਡਾਰੋੜੀ ਜ਼ਮੀਨ ਦਾ ਤਬਾਦਲਾ ਨਦੀਂ ਵਿਚਲੀ ਬੇਕਾਰ ਜ਼ਮੀਨ ਨਾਲ ਕਰਨ ਬਾਰੇ ਮੈਂਬਰਜ਼ ਨੂੰ ਜਾਣੂ ਕਰਵਾਇਆ । ਇਸ ਉਪਰੰਤ ਮੈਂਬਰਜ਼ ਵੱਲੋਂ ਇੱਕ ਐਸ.ਆਈ.ਟੀ (SIT) ਬਣਾਉਣ ਦਾ ਫੈਸਲਾ ਕੀਤਾ ਗਿਆ । 
ਮੈਬਰਜ਼, ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਦੱਸਿਆ ਗਿਆ ਕਿ ਇਸ ਐਸ.ਆਈ.ਟੀ. ਅਨੁਸਾਰ ਬੀ.ਡੀ.ਪੀ.ਓ ਮਾਜਰੀ ਅਤੇ ਤਹਿਸੀਲਦਾਰ ਖਰੜ ਨੂੰ ਇਸ ਦੀ ਜਾਂਚ ਕਰਕੇ ਰਿਪੋਰਟ ਡਿਪਟੀ ਕਮਿਸਨਰ ਰਾਹੀਂ ਕਮਿਸ਼ਨ ਨੂੰ ਮਿਤੀ 24 ਸਤੰਬਰ 2021 ਸਵੇਰੇ 11.00 ਵਜੇ ਤੱਕ ਦੇਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਟੋਭੇ ਨੂੰ ਨਜ਼ਾਇਜ ਤੌਰ ਤੇ ਭਰਨ ਸਬੰਧੀ ਮੌਕੇ ਤੇ ਬੀ.ਡੀ.ਪੀ.ਓ ਵੱਲੋਂ ਕਮਿਸ਼ਨ ਨੂੰ ਰਿਪੋਰਟ ਦਿੱਤੀ ਗਈ । ਜਿਸ ਤੇ ਮੈਂਬਰ, ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਮੁੱਲਾਪੁਰ ਗਰੀਬਦਾਸ ਦੇ ਐਸ.ਐਚ.ਓ.ਨੂੰ ਐਟਰੋਸਿਟੀ ਐਕਟ ਅਧੀਨ ਕਾਰਵਾਈ ਕਰਨ ਦੇ ਹੁਕਮ ਦਿੱਤੇ । ਜਨਰਲ ਵਰਗ ਦੇ ਕੁੱਝ ਬੰਦਿਆਂ ਵੱਲੋਂ ਸਰਪੰਚ ਸਵਰਨਜੀਤ ਕੌਰ ਆਦਿ ਨੂੰ ਜਾਤੀਸੂਚਕ ਅਪਸ਼ਬਦ ਕਹਿਣ ਬਾਰੇ ਐਸ.ਐਚ.ਓ. ਮੁੱਲਾਂਪੁਰ ਗਰੀਬਦਾਸ ਨੂੰ ਬਿਆਨ ਲੈ ਕੇ ਐਟਰੋਸਿਟੀ ਐਕਟ ਤਹਿਤ ਮੁੱਕਦਮਾ ਦਰਜ ਕਰਨ ਲਈ ਕਿਹਾ ਗਿਆ। 
ਇਸ ਦੌਰੇ ਸਮੇਂ ਅਕਾਸ਼ ਬਾਂਸਲ, ਉਪ-ਮੰਡਲ ਮੈਜਿਸਟਰੇਟ,ਖਰੜ, ਰਵਿੰਦਰ ਪਾਲ ਸਿੰਘ ਸੰਧੂ, ਜਿਲਾ ਭਲਾਈ ਅਫਸਰ, ਜਸਪ੍ਰੀਤ ਕੌਰ, ਬੀ.ਡੀ.ਪੀ.ਓ ਮਾਜਰੀ, ਤਹਿਸੀਲਦਾਰ ਵਿਵੇਕ ਨਿਰਮੋਹੀ, ਸਤਿੰਦਰ ਸਿੰਘ  ਐਸ.ਐਚ.ਓ ਮੁੱਲਾਪੁਰ ਗਰੀਬਦਾਸ, ਮੌਕੇ ਤੇ ਹਾਜ਼ਰ ਸਨ।

 ਇਹ ਵੀ ਜ਼ਰੂਰ ਪੜ੍ਹੋ:










ਮੋਹਾਲੀ ਦੇ ਸਰਕਾਰੀ ਕਾਲਜ ਵਿੱਚ ਲੱਗਿਆ ਨੌਕਰੀ ਮੇਲਾ

 17th September 2021 at 05:46 PM

ਘਰ ਘਰ ਰੋਜ਼ਗਾਰ ਮਿਸ਼ਨ ਲਈ 7ਵੇਂ ਮੈਗਾ ਨੌਕਰੀ ਮੇਲਿਆਂ ਦੇ ਤਹਿਤ ਖਾਸ ਆਯੋਜਨ 


ਐਸ.ਏ.ਐਸ. ਨਗਰ
: 17 ਸਤੰਬਰ 2021: (ਕਾਰਤਿਕਾ ਸਿੰਘ//ਮੋਹਾਲੀ ਸਕਰੀਨ)::

ਜ਼ਿੰਦਗੀ ਚਲਾਉਣ ਲਈ ਜੋ ਜੋ ਕੁਝ ਵੀ ਮੁਢਲੇ ਤੌਰ ਤੇ ਚਾਹੀਦਾ ਹੁੰਦਾ ਹੈ ਉਸ ਲਈ ਰੋਜ਼ਗਾਰ ਸਭ ਤੋਂ ਪਹਿਲਾਂ ਆਉਂਦਾ ਹੈ। ਬੇਰੋਜ਼ਗਾਰੀ ਵਿੱਚ ਤਾਂ ਸਾਰੇ ਸੁਪਨੇ ਮਾਰੇ ਜਾਂਦੇ ਹਨ ਅਤੇ ਸਾਰੇ ਨਿਸ਼ਾਨੇ ਅਧੂਰੇ ਰਹਿ ਜਾਂਦੇ ਹਨ। ਪੰਜਾਬ ਸਰਕਾਰ ਇਹਨਾਂ ਹਕੀਕਤਾਂ ਨੂੰ ਧਿਆਨ ਵਿੱਚ ਰੱਖਦਿਆਂ ਰੋਜ਼ਗਾਰ ਨੂੰ ਪਹਿਲ ਵਾਲੀ ਸੂਚੀ ਵਿਚ ਰੱਖ ਰਹੀ ਹੈ। ਪੰਜਾਬ ਸਰਕਾਰ ਦੇ 'ਘਰ -ਘਰ ਰੋਜ਼ਗਾਰ ਮਿਸ਼ਨ' ਦੇ ਪ੍ਰਮੁੱਖ ਪ੍ਰੋਗਰਾਮ ਤਹਿਤ, ਸਰਕਾਰੀ ਕਾਲਜ ਫੇਜ਼ 6 ਐਸ.ਏ.ਐਸ. ਨਗਰ ਵਿਖੇ 7 ਵੇਂ ਮੈਗਾ ਨੌਕਰੀ ਮੇਲਿਆਂ ਦੇ ਤਹਿਤ ਸਮਾਪਤੀ ਅਤੇ ਚੌਥੀ ਨੌਕਰੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਨੌਜਵਾਨਾਂ ਦਾ ਜੋਸ਼ੋ ਖਰੋਸ਼ ਅਤੇ ਉਤਸ਼ਾਹ ਦੇਖਣ ਵਾਲਾ ਸੀ। 

ਨੌਜਵਾਨ ਵਰਗ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਸੀ। ਇਸ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਭਵਿੱਖ ਦਾ ਇਤਿਹਾਸ ਰਚਨਾ ਸੀ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਵਿ)  ਡਾ.ਹਿਮਾਂਸ਼ੂ ਅਗਰਵਾਲ ਆਈ.ਏ.ਐਸ ਨੇ ਮੇਲੇ ਦਾ ਉਦਘਾਟਨ ਕੀਤਾ। ਸ਼੍ਰੀ ਹਰਬੰਸ ਸਿੰਘ ਐਸਡੀਐਮ ਨੇ ਵੀ ਇਸ ਰੁਜ਼ਗਾਰ ਮੇਲੇ ਵਿੱਚ ਸ਼ਿਰਕਤ ਕੀਤੀ।  

ਇਸ ਯਾਦਗਾਰੀ ਨੌਕਰੀ ਮੇਲੇ ਵਿੱਚ 1000 ਤੋਂ ਵੱਧ ਉਮੀਦਵਾਰਾਂ ਨੇ ਭਾਗ ਲਿਆ। ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਨਗਰ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਇਨ੍ਹਾਂ ਰੁਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਰੁਜ਼ਗਾਰ ਪ੍ਰਾਪਤ ਕਰ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਕਾਬਿਲ ਬਣਨ। 

ਰੁਜ਼ਗਾਰ ਮੇਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕਰਦੇ ਹੋਏ ਡਿਪਟੀ ਡਾਇਰੈਕਟਰ, ਸ਼੍ਰੀਮਤੀ. ਮੀਨਾਕਸ਼ੀ ਗੋਇਲ ਨੇ ਦੱਸਿਆ ਕਿ ਹੋਰ ਕੰਪਨੀਆਂ ਤੋਂ ਇਲਾਵਾ, ਪ੍ਰਮੁੱਖ ਕੰਪਨੀਆਂ ਜਿਵੇਂ ਕਿ ਰਿਲਾਇੰਸ, ਐਚਡੀਐਫਸੀ, ਟਾਟਾ ਏਆਈਜੀ, ਪੂਮਾ ਸੋਰਸ, ਕੋਟਕ ਮਹਿੰਦਰਾ, ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ, ਪੁਖਰਾਜ, ਜ਼ੋਮੈਟੋ, ਐਚਸੀਐਲ, ਆਦਿ ਨੇ ਮੌਜੂਦਾ ਰੁਜ਼ਗਾਰ ਮੇਲੇ ਵਿੱਚ ਹਿੱਸਾ ਲਿਆ ਅਤੇ ਵੱਖ ਵੱਖ ਉਮੀਦਵਾਰਾਂ ਨੂੰ 734 ਨੌਕਰੀਆਂ ਪ੍ਰਦਾਨ ਕੀਤੀਆਂ। ਇਸਦੇ ਨਾਲ ਹੀ 41  ਹੁਨਰਮੰਦ ਸਿਖਲਾਈ  ਅਤੇ 52 ਸਵੈ ਰੁਜ਼ਗਾਰ ਉਮੀਦਵਾਰਾਂ ਨੂੰ ਵੀ ਚੁਣਿਆ ਗਿਆ।          

ਨੌਕਰੀਆਂ ਦੇਣ ਵਾਲੇ ਸੁਨਹਿਰੀ ਮੌਕੇ ਪ੍ਰਦਾਨ ਕਰਨ ਵਾਲੇ ਇਸ ਮੌਜੂਦਾ ਰੁਜ਼ਗਾਰ ਮੇਲੇ ਦੀ ਸਫਲਤਾ ਲਈ ਪ੍ਰਿੰਸੀਪਲ ਸ਼੍ਰੀਮਤੀ ਜਤਿੰਦਰ ਕੌਰ  ਨੇ ਵਿਦਿਆਰਥੀਆਂ/ਉਮੀਦਵਾਰਾਂ ਦੇ ਪ੍ਰਬੰਧਾਂ ਅਤੇ ਲਾਮਬੰਦੀ ਦੇ ਨਾਲ ਪੂਰੇ ਯਤਨ ਕੀਤੇ। ਨੌਕਰੀ ਮੇਲੇ ਦੇ ਸਮਾਗਮ ਨੂੰ ਸਫਲ ਬਣਾਉਣ ਲਈ ਵਿਦਿਆਰਥੀਆਂ ਦੀ ਲਾਮਬੰਦੀ ਲਈ GoG ਅਤੇ VLE ਨੇ ਮਹੱਤਵਪੂਰਨ ਭੂਮਿਕਾ ਨਿਭਾਈ। 

ਅੱਜ ਦੇ ਇਸ ਸਮਾਗਮ/ਪ੍ਰਦਰਸ਼ਨੀ ਦੌਰਾਨ, ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੁਆਰਾ ਆਪਣੇ ਲਈ ਰੁਜ਼ਗਾਰ ਲਈ ਸਕੀਮਾਂ ਚਲਾਉਣ ਦਾ ਵੀ ਆਯੋਜਨ ਕੀਤਾ ਗਿਆ। ਵਿਭਾਗਾਂ ਨੇ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਵਿਭਾਗਾਂ ਦੁਆਰਾ ਚਲਾਈਆਂ ਗਈਆਂ ਸਕੀਮਾਂ ਸੰਬੰਧੀ ਸਾਹਿਤ ਅਤੇ ਬਰੋਸ਼ਰ ਪ੍ਰਦਰਸ਼ਿਤ ਕਰਨ ਲਈ ਵੀ  ਪ੍ਰੇਰਿਤ ਕੀਤਾ। ਸ਼੍ਰੀਮਤੀ ਰਸ਼ਮੀ ਪ੍ਰਭਾਕਰ, ਸ਼੍ਰੀ ਘਣਸ਼ਾਮ ਸਿੰਘ ਭੁੱਲਰ, ਡਿਪਟੀ ਸੀਈਓ, ਸ਼੍ਰੀ ਮੰਜੇਸ਼ ਸ਼ਰਮਾ, ਰੁਜ਼ਗਾਰ ਅਫਸਰ, ਸ਼੍ਰੀ ਹਰਪ੍ਰੀਤ ਸਿਧੂ ਵੀ ਹੋਰ ਅਧਿਕਾਰੀਆਂ ਦੇ ਨਾਲ ਮੌਜੂਦ ਸਨ। ਕੁਲ ਮਿਲਾ ਕੇ ਇਹ ਇੱਕ ਅਜਿਹਾ ਮੌਕਾ ਸੀ ਜਿਸਨੇ ਕਈਆਂ ਦੇ ਘਰ ਅੱਜ ਦੇ ਦਿਨ ਰੋਜ਼ਗਾਰ ਵਾਲੀ ਖੁਸ਼ਖਬਰੀ ਪਹੁੰਚਾਈ। 

ਇਹ ਵੀ ਜ਼ਰੂਰ ਪੜ੍ਹੋ:










16 September 2021

ਪੰਜਾਬ ਵਿੱਚ ਸਿਹਤ ਢਾਂਚੇ ਵਿੱਚ ਵਿਆਪਕ ਤਬਦੀਲੀ ਆਈ: ਸਿੱਧੂ

 16th September 2021 at  04:05 PM

ਪਿੰਡ ਪੱਤੋਂ ਵਿੱਚ ਫਿਰਨੀ ਦਾ ਨੀਂਹ ਪੱਥਰ ਰੱਖਿਆ ਤੇ ਗਰਾਂਟ ਦਾ ਚੈੱਕ ਸੌਂਪਿਆ


ਐਸ.ਏ.ਐਸ. ਨਗਰ (ਮੋਹਾਲੀ):: 15 ਸਤੰਬਰ 2021: (ਮੋਹਾਲੀ ਸਕਰੀਨ ਬਿਊਰੋ)::
ਪੰਜਾਬ ਦੇ ਸਿਹਤ ਸੰਭਾਲ ਢਾਂਚੇ ਨੂੰ ਵਿਕਸਿਤ ਮੁਲਕਾਂ ਦੇ ਹਾਣ ਦਾ ਗਰਦਾਨਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਜਦੋਂ ਤੋਂ ਉਨ੍ਹਾਂ ਇਹ ਮਹਿਕਮਾ ਸੰਭਾਲਿਆ ਹੈ, ਉਦੋਂ ਤੋਂ ਇਸ ਵਿੱਚ ਵਿਆਪਕ ਤੇ ਕ੍ਰਾਂਤੀਕਾਰੀ ਸੁਧਾਰ ਲਿਆਂਦੇ ਗਏ ਹਨ।
ਮੁਹਾਲੀ ਹਲਕੇ ਦੇ ਪਿੰਡ ਪੱਤੋਂ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਨਾਲ ਸਿਰਫ਼ ਪੰਜਾਬ ਹੀ ਪੂਰੇ ਦੇਸ਼ ਵਿੱਚੋਂ ਵਧੀਆ ਤਰੀਕੇ ਨਾਲ ਸਿੱਝ ਸਕਿਆ, ਜਿਸ ਦੀ ਸਾਰੀ ਦੁਨੀਆ ਗਵਾਹ ਹੈ। ਪੰਜਾਬ ਵਿੱਚ ਕਿਤੇ ਵੀ ਆਕਸੀਜਨ ਦਾ ਕੋਈ ਸੰਕਟ ਨਹੀਂ ਆਇਆ, ਸਗੋਂ ਦੇਸ਼ ਦੇ ਹੋਰ ਸੂਬਿਆਂ ਦੇ ਮਰੀਜ਼ਾਂ ਨੂੰ ਪੰਜਾਬ ਆ ਕੇ ਆਪਣਾ ਇਲਾਜ ਕਰਵਾਉਣਾ ਪਿਆ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਸਪਲਾਈ ਨੂੰ ਹੋਰ ਮਜ਼ਬੂਤ ਕਰਨ ਲਈ ਹਸਪਤਾਲਾਂ ਵਿੱਚ ਪੀ.ਐਸ.ਏ ਪਲਾਂਟ ਲਾਏ ਜਾ ਰਹੇ ਹਨ ਤਾਂ ਕਿ ਜੇ ਭਵਿੱਖ ਵੀ ਲੋੜ ਪੈਂਦੀ ਹੈ ਤਾਂ ਇਸ ਕਮੀ ਨਾਲ ਨਜਿੱਠਿਆ ਜਾ ਸਕੇ।
ਇਸ ਮੌਕੇ ਉਨ੍ਹਾਂ ਪਿੰਡ ਪੱਤੋਂ ਵਿੱਚ ਫਿਰਨੀ ਦਾ ਨੀਂਹ ਪੱਥਰ ਰੱਖਿਆ ਅਤੇ ਫਿਰਨੀ ਲਈ 32 ਲੱਖ ਰੁਪਏ ਦੀ ਗਰਾਂਟ ਦਿੱਤੀ। ਉਨ੍ਹਾਂ ਪਿੰਡ ਵਿੱਚ ਵਾਲਮੀਕ ਭਵਨ ਦੀ ਉਸਾਰੀ ਲਈ ਵੀ 17.50 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ। ਇਸ ਦੌਰਾਨ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਰਪੰਚ ਰੁਪਿੰਦਰ ਕੌਰ, ਸਾਬਕਾ ਸਰਪੰਚ ਕੁਲਵੰਤ ਸਿੰਘ, ਲਖਮੀਰ ਸਿੰਘ ਕਾਲਾ, ਹਰਵਿੰਦਰ ਸਿੰਘ ਬਿੱਲਾ, ਹਰਿੰਦਰ ਜਗੀਰਦਾਰ, ਬਲਬੀਰ ਸਿੰਘ, ਬਿੱਟੂ ਸਿੰਘ, ਜਸਵੀਰ ਸਿੰਘ ਸੇਵਾਮੁਕਤ ਜੱਜ, ਮੁਖਤਿਆਰ ਸਿੰਘ ਸਾਬਕਾ ਐਸ.ਡੀ.ਓ., ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਜਸਵਿੰਦਰ ਕੌਰ ਅਤੇ ਲੇਬਰਫੈੱਡ ਪੰਜਾਬ ਦੇ ਵਾਈਸ ਚੇਅਰਮੈਨ ਠੇਕੇਦਾਰ ਮੋਹਨ ਸਿੰਘ ਬਠਲਾਣਾ ਹਾਜ਼ਰ ਸਨ।

ਇਹ ਵੀ ਜ਼ਰੂਰ ਪੜ੍ਹੋ:










15 September 2021

ਖ਼ੂਨਦਾਨ ਮਹਾਂਦਾਨ, ਵੱਧ ਤੋਂ ਵੱਧ ਲੋਕ ਹਿੱਸਾ ਪਾਉਣ: ਮਨੀਸ਼ ਤਿਵਾੜੀ

 15th September 2021 at  03:43 PM

 ਖੂਨਦਾਨ ਮਹਾਂਦਾਨ, ਵੱਧ ਤੋਂ ਵੱਧ ਲੋਕ ਹਿੱਸਾ ਪਾਉਣ: ਮਨੀਸ਼ ਤਿਵਾੜੀ  


ਮੋਹਾਲੀ
: 15 ਸਤੰਬਰ 2021: (ਮੋਹਾਲੀ ਸਕਰੀਨ ਬਿਊਰੋ)::
ਖ਼ੂਨਦਾਨ ਮਹਾਂਦਾਨ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਰਾਜੇਸ਼ ਪਾਇਲਟ ਮੈਮੋਰੀਅਲ ਗੁੱਜਰ ਭਵਨ ਕੰਪਲੈਕਸ ਵਿਖੇ ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਵੱਲੋਂ ਆਯੋਜਿਤ ਖੂਨਦਾਨ ਕੈਂਪ ਦੌਰਾਨ ਕੀਤਾ ਗਿਆ। ਇਹ ਕੈਂਪ ਸੰਸਥਾ ਵੱਲੋਂ ਆਪਣੇ ਸਾਬਕਾ ਪ੍ਰਧਾਨ ਸਵਰਗਵਾਸੀ ਅਮਰੀਕ ਸਿੰਘ ਦੀ ਯਾਦ ਵਿੱਚ ਲਗਾਇਆ ਜਾਂਦਾ ਹੈ।  
ਇਸ ਮੌਕੇ ਐਮ ਪੀ ਤਿਵਾੜੀ ਨੇ ਕਿਹਾ ਕਿ ਖ਼ੂਨਦਾਨ ਇਨਸਾਨੀਅਤ ਦੀਆਂ ਸਭ ਤੋਂ ਵੱਡੀਆਂ ਸੇਵਾਵਾਂ ਵਿੱਚੋਂ ਇੱਕ ਹੈ ਅਤੇ ਇਹ ਇੱਕ ਮਹਾਦਾਨ ਹੈ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਸੰਸਥਾ ਵਲੋਂ ਬੀਤੇ ਕਰੀਬ 21 ਸਾਲਾਂ ਤੋਂ ਲਗਾਤਾਰ ਕੀਤੇ ਜਾ ਰਹੇ ਇਸ ਆਯੋਜਨ ਦੀ ਸ਼ਲਾਘਾ ਕੀਤੀ। ਜਿਨ੍ਹਾਂ ਵੱਲੋਂ ਕੋਰੋਨਾ ਮਹਾਂਮਾਰੀ ਦੇ ਦੌਰ ਦੌਰਾਨ ਵੀ ਆਪਣਾ ਫ਼ਰਜ਼ ਨਿਭਾਇਆ ਜਾ ਰਿਹਾ ਹੈ।
ਇਸ ਕੈਂਪ ਦਾ ਆਯੋਜਨ ਪੀਜੀਆਈ ਦੇ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਕੀਤਾ ਗਿਆ। ਜਿੱਥੇ ਹੋਰਨਾਂ ਤੋਂ ਇਲਾਵਾ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਹਰਿਆਣਾ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਮਨਵੀਰ ਸਿੰਘ ਭਡਾਨਾ, ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਦੇ ਪ੍ਰਧਾਨ ਸੰਤ ਰਾਮ ਮੀਲੂ, ਮੀਤ ਪ੍ਰਧਾਨ ਕੇਐਲ ਵਰਮਾ, ਹਰਿਕ੍ਰਿਸ਼ਨ ਚੇਚੀ, ਭਜਨ ਸਿੰਘ, ਸੁਰਜੀਤ ਮੀਲੂ, ਕਰਮ ਚੰਦ, ਹਿਤੇਂਦਰ ਚੇਚੀ, ਪੂਰਨ ਚੰਦ, ਲਾਲ ਚੰਦ, ਕਮਲਜੀਤ ਕੌਰ, ਬੀਆਰ ਚੌਹਾਨ ਅਤੇ ਜਨਰਲ ਸਕੱਤਰ ਨਰਿੰਦਰ ਮੀਲੂ ਵੀ ਮੌਜੂਦ ਰਹੇ।


ਸਨਅਤਕਾਰਾਂ ਤੇ ਰੇਕ ਬੇਲਰ ਦੇ ਸਟੇਟ ਹੋਲਡਰਾਂ ਨਾਲ ਮੀਟਿੰਗ

15th September 2021 at  03:35 PM

ਮੀਟਿੰਗ ਕੀਤੀ ਗਈ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ 

ਐਸ.ਏ.ਐਸ. ਨਗਰ: 15 ਸਤੰਬਰ 2021: (ਮੋਹਾਲੀ ਸਕਰੀਨ ਬਿਊਰੋ)::
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਿਮਾਂਸ਼ੂ ਅਗਰਵਾਲ ਦੀ ਯੋਗ ਅਗਵਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਐਸ.ਏ.ਐਸ. ਨਗਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਸਨਅਤਕਾਰਾਂ ਅਤੇ ਰੇਕ ਬੇਲਰ ਦੇ ਸਟੇਟ ਹੋਲਡਰਾਂ ਦੀ ਮੀਟਿੰਗ ਹੋਈ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕਰਾਪ ਰੈਸੇਡਿਊ ਮੈਨੇਜਮੈਂਟ ਸਕੀਮ ਤਹਿਤ ਪਿਛਲੇ ਸਾਲਾਂ ਦੌਰਾਨ 5 ਰੇਕਰ ਅਤੇ ਬੇਲਰ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਕਿਸਾਨ ਗਰੁੱਪਾਂ ਨੂੰ ਦਿੱਤੇ ਗਏ ਸਨ। ਇਨ੍ਹਾਂ ਗਰੁੱਪ ਮੈਂਬਰਾਂ ਨੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਪਿਛਲੇ ਸਾਲ ਪਰਾਲੀ ਦੀਆਂ ਗੱਠਾਂ 135 ਰੁਪਏ ਪ੍ਰਤੀ ਕੁਇੰਟਲ ਵਾਈ.ਸੀ.ਟੀ. ਕੰਪਨੀ ਵੱਲੋਂ ਲਈਆਂ ਗਈਆਂ ਸਨ। ਕਿਸਾਨਾਂ ਨੇ ਦੱਸਿਆ ਕਿ ਪਰਾਲੀ ਦੀਆਂ ਇਕ ਗੱਠ ਦੀ ਇਸ ਸਮੇਂ 2.25 ਪੈਸੇ ਦੀ ਦਰ ਨਾਲ ਵਿਕਰੀ ਹੋ ਰਹੀ ਹੈ। ਇਸ ਲਈ ਉਨ੍ਹਾਂ ਨੂੰ 135 ਰੁਪਏ ਤੋਂ ਵਧਾ ਕੇ 200 ਰੁਪਏ ਪ੍ਰਤੀ ਕੁਇੰਟਲ ਭਾਅ ਦਿੱਤਾ ਜਾਵੇ ਕਿਉਂਕਿ ਡੀਜ਼ਲ, ਲੇਬਰ ਅਤੇ ਧਾਗੇ ਦੀਆਂ ਕੀਮਤਾਂ ਵਿੱਚ ਕਾਫ਼ੀ ਉਛਾਲ ਆ ਗਿਆ ਹੈ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਸਰਕਾਰ ਪੱਧਰ ਉਤੇ 100 ਰੁਪਏ ਪ੍ਰਤੀ ਕੁਇੰਟਲ ਝਾੜ ਪਿੱਛੇ ਬੋਨਸ ਦਿੱਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਰਹਿੰਦ-ਖੂੰਹਦ ਦੀਆਂ ਗੱਠਾਂ ਬਣਾ ਕੇ ਵਿਕਰੀ ਕਰਨ ਜਾਂ ਜ਼ਮੀਨ ਵਿੱਚ ਹੀ ਰਲਾ ਦੇਣ।
ਇਸ ਮੌਕੇ ਵਾਈ.ਸੀ.ਟੀ. ਕੰਪਨੀ ਦੇ ਨੁਮਾਇੰਦੇ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਰੇਕਰ ਬੇਲਰ ਹੈ ਅਤੇ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਬੇਲਰ ਗਰੁੱਪ ਤੋਂ ਉਹ ਪਰਾਲੀ ਲੈਣ ਲਈ ਵਚਨਬੱਧ ਹਨ ਪਰ ਇਸ ਤੋਂ ਇਲਾਵਾ ਉਨ੍ਹਾਂ ਨੂੰ ਵੀ ਸਬਸਿਡੀ ਉਤੇ ਸਰਕਾਰ ਰੇਕਰ ਤੇ ਬੇਲਰ ਮੁਹੱਈਆ ਕਰੇ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਇਸ ਸਮੇਂ 567 ਮਸ਼ੀਨਾਂ ਸਬਸਿਡੀ ਤੇ ਕਰੋਪ ਰੈਸੇਡਿਊ ਮੈਨੇਜਮੈਂਟ ਤਹਿਤ ਦਿੱਤੀਆਂ ਗਈਆਂ ਹਨ, ਜਿਸ ਵਿੱਚ 303 ਮਸ਼ੀਨਾਂ ਸਹਿਕਾਰੀ ਸਭਾਵਾਂ ਅਤੇ 84 ਮਸ਼ੀਨਾਂ 29 ਕਿਸਾਨ ਗਰੁੱਪਾਂ ਕੋਲ ਉਪਲਬਧ ਹਨ। ਇਸ ਤੋਂ ਇਲਾਵਾ ਇਕ ਮਸ਼ੀਨ ਗ੍ਰਾਮ ਪੰਚਾਇਤ ਮਦਨਹੇੜੀ ਕੋਲ ਅਤੇ 179 ਮਸ਼ੀਨਾਂ ਵਿਅਕਤੀਗਤ ਤੌਰ ਉਤੇ ਕਿਸਾਨਾਂ ਕੋਲ ਉਪਲਬਧ ਹਨ। ਇਨ੍ਹਾਂ ਸਾਰੀਆਂ ਮਸ਼ੀਨਾਂ ਬਾਰੇ ਡੇਟਾ ਆਈ.ਖੇਤ ਐਪ ਉਤੇ ਅਪਲੋਡ ਕਰ ਦਿੱਤਾ ਗਿਆ ਹੈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਸ਼ੀਨਰੀ ਦੀ ਕਿਰਾਏ ਉਤੇ ਵਰਤੋਂ ਕਰਨ ਨੂੰ ਤਰਜੀਹ ਦੇਣ। ਉਨ੍ਹਾਂ ਇਹ ਵੀ ਦੱਸਿਆ ਕਿ ਆਨਲਾਈਨ ਮਸ਼ੀਨਾਂ ਦੀ ਮੰਗ ਨੂੰ ਘੋਖਣ ਉਪਰੰਤ 6 ਗਰੁੱਪਾਂ ਅਤੇ 1 ਸੁਸਾਇਟੀ ਦੀਆਂ ਮਸ਼ੀਨਾਂ ਨੂੰ  ਆਨਲਾਈਨ ਪ੍ਰਵਾਨਗੀਆਂ ਦੇ ਦਿੱਤੀਆਂ ਗਈਆਂ ਹਨ ਅਤੇ ਜਲਦੀ ਹੀ ਵਿਅਕਤੀਗਤ ਮਸ਼ੀਨਾਂ ਦੀ ਪ੍ਰਵਾਨਗੀ ਆਨਲਾਈਨ ਦੇ ਦਿੱਤੀ ਜਾਵੇਗੀ, ਜਿਸ ਨਾਲ ਲਾਭਪਾਤਰੀ ਸਬੰਧਤ ਫਰਮਾਂ ਤੋਂ ਮਸ਼ੀਨਰੀ ਪ੍ਰਾਪਤ ਕਰ ਸਕਣਗੇ।
ਮੀਟਿੰਗ ਵਿੱਚ ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਦਿਆਲ ਕੁਮਾਰ, ਇੰਜਨੀਅਰ ਸੰਜੀਵ ਸ਼ਰਮਾ ਵਾਈ.ਸੀ.ਟੀ. ਪ੍ਰਾਈਵੇਟ ਲਿਮਟਿਡ, ਸ੍ਰੀ ਸੁਖਰਾਜ ਸਿੰਘ, ਵਾਈ.ਸੀ.ਟੀ. ਪ੍ਰਾਈਵੇਟ ਲਿਮਟਿਡ ਦੇ ਨੁੁਮਾਇੰਦੇ ਅਤੇ ਕਿਸਾਨ ਅਵਤਾਰ ਸਿੰਘ ਪਿੰਡ ਫਤਿਹਪੁਰ ਥੇੜੀ, ਗੁਰਮੀਤ ਸਿੰਘ ਪਿੰਡ ਮੰਡੋਲੀ ਅਤੇ ਅਮਰਜੀਤ ਸਿੰਘ ਮੌਕੇ ਉਤੇ ਹਾਜ਼ਰ ਸਨ।

14 September 2021

ਮੋਹਾਲੀ ਏਅਰ ਕਾਰਗੋ ਕੰਪਲੈਕਸ ਨਵੰਬਰ ਤੱਕ ਚਾਲੂ:ਮੁੱਖ ਸਕੱਤਰ

14th September 2021 at  07:34 PM

 ਬੱਸੀ ਪਠਾਣਾ ਦਾ ਮਿਲਕ ਪ੍ਰੋਸੈਸਿੰਗ ਪਲਾਂਟ ਇਸੇ ਮਹੀਨੇ ਦੇ ਅਖੀਰ ਤੱਕ ਖੁੱਲ੍ਹ ਜਾਵੇਗਾ

ਰਾਜ ਚ 795 ਕਰੋੜ ਰੁਪਏ ਦੇ 10 ਬੁਨਿਆਦੀ ਢਾਂਚਾ ਪ੍ਰਾਜੈਕਟ ਹੋਏ ਮੁਕੰਮਲ 


ਚੰਡੀਗੜ੍ਹ
: 14 ਸਤੰਬਰ 2021:(ਮੋਹਾਲੀ ਸਕਰੀਨ ਬਿਊਰੋ)::
ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ
ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਕਾਰਗੋ ਕੰਪਲੈਕਸ ਨੂੰ ਇਸ ਨਵੰਬਰ ਤੋਂ ਚਾਲੂ ਕਰ ਦਿੱਤਾ ਜਾਵੇਗਾ ਜਦੋਂ ਕਿ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਬੱਸੀ ਪਠਾਣਾ ਵਿਖੇ ਇੱਕ ਮੈਗਾ ਮਿਲਕ ਪ੍ਰੋਸੈਸਿੰਗ ਪਲਾਂਟ ਨੂੰ ਇਸ ਮਹੀਨੇ ਦੇ ਅੰਤ ਤੱਕ ਖੋਲ੍ਹ ਦਿੱਤਾ ਜਾਵੇਗਾ।

ਇਹ ਜਾਣਕਾਰੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਇੱਥੇ ਅਹਿਮ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟਾਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਲਈ ਜਨਤਕ ਨਿਵੇਸ਼ ਪ੍ਰਬੰਧਨ (ਪੀਆਈਐਮ) ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ ਤਾਂ ਜੋ ਇਨ੍ਹਾਂ ਦੇ ਛੇਤੀ ਮੁਕੰਮਲ ਹੋਣ ਨੂੰ ਯਕੀਨੀ ਬਣਾਇਆ ਜਾ ਸਕੇ।

ਮੁੱਖ ਸਕੱਤਰ ਨੂੰ ਮੀਟਿੰਗ ਵਿੱਚ ਦੱਸਿਆ ਕਿ 795.42 ਕਰੋੜ ਰੁਪਏ ਦੇ 10 ਵੱਡੇ ਬੁਨਿਆਦੀ ਢਾਂਚਾ ਪ੍ਰਾਜੈਕਟ ਮੁਕੰਮਲ ਹੋ ਚੁੱਕੇ ਹਨ। ਇਨ੍ਹਾਂ ਵਿੱਚ ਬੱਸੀ ਪਠਾਣਾ ਦਾ ਮੈਗਾ ਮਿਲਕ ਪ੍ਰੋਸੈਸਿੰਗ ਪਲਾਂਟ, ਫਾਜ਼ਿਲਕਾ ਵਿੱਚ 100 ਬੈਡਾਂ ਵਾਲਾ ਹਸਪਤਾਲ, ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਬਹੁ ਮੰਜਿਲਾ ਕਾਰ ਪਾਰਕਿੰਗ, ਗੋਇੰਦਵਾਲ ਸਾਹਿਬ ਵਿੱਚ ਕੇਂਦਰੀ ਸੁਧਾਰ ਘਰ, ਭਵਾਨੀਗੜ੍ਹ ਦੇ ਰੌਸ਼ਨਵਾਲਾ ਅਤੇ ਮੁਕਤਸਰ ਦੇ ਦਾਨੇਵਾਲਾ ਪਿੰਡ ਵਿਖੇ ਸਰਕਾਰੀ ਡਿਗਰੀ ਕਾਲਜ, ਚੰਡੀਗੜ੍ਹ-ਲੁਧਿਆਣਾ ਕੌਮੀ ਮਾਰਗ (ਐਨਐਚ -05) ਤੋਂ ਲੁਧਿਆਣਾ ਦੇ ਧਨਾਨਸੂ ਪਿੰਡ ਵਿੱਚ ਹਾਈ-ਟੈਕ ਸਾਈਕਲ ਵੈਲੀ ਤੱਕ ਕੰਕਰੀਟ ਰੋਡ, ਲੁਧਿਆਣਾ ਦਾ ਦੱਖਣੀ ਬਾਈਪਾਸ, ਰਾਹੋਂ-ਮਾਛੀਵਾੜਾ-ਸਮਰਾਲਾ-ਖੰਨਾ ਸੜਕ ਅਤੇ ਮਾਲੇਰਕੋਟਲਾ ਵਿੱਚ ਮਾਲੇਰਕੋਟਲਾ-ਖੰਨਾ ਜੰਕਸ਼ਨ ਵਿਖੇ ਲੁਧਿਆਣਾ-ਸੰਗਰੂਰ ਰੋਡ 'ਤੇ ਫਲਾਈਓਵਰ (ਜਰਗ ਚੌਕ) ਸ਼ਾਮਲ ਹਨ।

ਸ਼ਹਿਰੀ ਹਵਾਬਾਜ਼ੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਇੰਟੀਗ੍ਰੇਟਿਡ ਕਾਮਨ ਯੂਜ਼ ਕਾਰਗੋ ਟਰਮੀਨਲ ਦੇ ਸਿਵਲ ਕੰਮ ਮੁਕੰਮਲ ਹੋ ਚੁੱਕੇ ਹਨ ਅਤੇ ਇਸ ਨੂੰ ਕਾਰਜਸ਼ੀਲ ਕਰਨ ਲਈ ਲੋੜੀਂਦੇ ਉਪਕਰਣ ਖਰੀਦੇ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਕਾਰਗੋ ਕੰਪਲੈਕਸ 30 ਨਵੰਬਰ ਤੱਕ ਚਾਲੂ ਕਰ ਦਿੱਤਾ ਜਾਵੇਗਾ। ਅੰਮ੍ਰਿਤਸਰ ਹਵਾਈ ਅੱਡੇ ਵਿਖੇ ਕਾਰਗੋ ਕੰਪਲੈਕਸ ਦੀ ਪ੍ਰਗਤੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਦੋਵਾਂ ਕਾਰਗੋ ਕੰਪਲੈਕਸਾਂ ਲਈ ਉਦਯੋਗਿਕ ਸੈਸ਼ਨ ਕਰੇਗੀ।

ਹਲਵਾਰਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸਥਿਤੀ ਬਾਰੇ ਉਨ੍ਹਾਂ ਦੱਸਿਆ ਕਿ ਚਾਰ ਦੀਵਾਰੀ ਦਾ ਨਿਰਮਾਣ ਕਾਰਜ ਮੁਕੰਮਲ ਹੋ ਚੁੱਕਾ ਹੈ ਜਦੋਂ ਕਿ ਅੰਤਰਿਮ ਟਰਮੀਨਲ ਦੀ ਇਮਾਰਤ ਅਤੇ ਐਪਰਨ ਦੀ ਉਸਾਰੀ ਦਾ ਕਾਰਜ ਛੇਤੀ ਹੀ ਸ਼ੁਰੂ ਹੋ ਜਾਵੇਗਾ।

ਸਹਿਕਾਰਤਾ ਦੇ ਪ੍ਰਮੁੱਖ ਸਕੱਤਰ ਕੇ. ਸਿਵਾ ਪ੍ਰਸਾਦ ਨੇ ਦੱਸਿਆ ਕਿ ਬੱਸੀ ਪਠਾਣਾ ਵਿੱਚ ਵੇਰਕਾ ਮੈਗਾ ਮਿਲਕ ਪ੍ਰੋਸੈਸਿੰਗ ਪਲਾਂਟ ਦਾ ਕਾਰਜ 138.22 ਕਰੋੜ ਦੀ ਕੁੱਲ ਲਾਗਤ ਨਾਲ ਮੁਕੰਮਲ ਹੋ ਗਿਆ ਹੈ।
ਸ੍ਰੀਮਤੀ ਮਹਾਜਨ ਨੇ ਵਿਭਾਗ ਨੂੰ 30 ਸਤੰਬਰ ਤੱਕ ਪਲਾਂਟ ਖੋਲ੍ਹਣ ਲਈ ਕਿਹਾ ਤਾਂ ਜੋ ਕਿਸਾਨਾਂ ਦੀ ਡੇਅਰੀ ਤੋਂ ਹੋਣ ਵਾਲੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।

ਕਜੌਲੀ ਵਾਟਰ ਵਰਕਸ ਪ੍ਰਾਜੈਕਟ ਦੀ ਪ੍ਰਗਤੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਪਿੰਡ ਸਿੰਘਪੁਰ ਵਿਖੇ 20 ਐਮਜੀਡੀ ਸਮਰੱਥਾ ਵਾਲੇ ਵਾਟਰ ਟਰੀਟਮੈਂਟ ਪਲਾਂਟ ਦਾ ਨਿਰਮਾਣ ਪ੍ਰਗਤੀ ਅਧੀਨ ਹੈ ਅਤੇ ਇਹ 30 ਨਵੰਬਰ ਤੱਕ ਮੁਕੰਮਲ ਹੋ ਜਾਵੇਗਾ। ਇਸ ਦੇ ਨਾਲ ਹੀ ਖਰੜ ਅਤੇ ਕੁਰਾਲੀ ਦੇ ਨਾਲ ਲੱਗਦੇ ਕਸਬਿਆਂ ਲਈ 6 ਐਮਜੀਡੀ ਪਾਣੀ ਉਪਲਬਧ ਕਰਵਾਇਆ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਏਅਰੋਟਰੋਪੋਲਿਸ ਹਾਊਸਿੰਗ ਪ੍ਰੋਜੈਕਟ ਲਈ ਲੈਂਡ ਪੂਲਿੰਗ ਸਕੀਮ ਤਹਿਤ 650 ਹੈਕਟੇਅਰ ਜ਼ਮੀਨ ਲਈ ਜ਼ਮੀਨ ਮਾਲਕਾਂ ਨੂੰ ਪਹਿਲਾਂ ਹੀ ਲੈਟਰਸ ਆਫ਼ ਇੰਨਟੈਂਟ ਜਾਰੀ ਕੀਤੇ ਜਾ ਚੁੱਕੇ ਹਨ। ਪੀਣ ਯੋਗ ਪਾਣੀ ਦੀ ਸਪਲਾਈ, ਸੀਵਰੇਜ ਅਤੇ ਕੇਂਦਰੀ ਸੜਕਾਂ ਨਾਲ ਸਬੰਧਤ ਵਿਕਾਸ ਕਾਰਜ ਜਲਦ ਹੀ ਸ਼ੁਰੂ ਕੀਤੇ ਜਾਣਗੇ।

ਇਸ ਤੋਂ ਇਲਾਵਾ, ਮੀਟਿੰਗ ਦੌਰਾਨ ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ ਅਤੇ ਮੋਹਾਲੀ ਵਿੱਚ ਮੈਡੀਕਲ ਕਾਲਜਾਂ ਦੀ ਪ੍ਰਗਤੀ, ਅੰਮ੍ਰਿਤਸਰ ਵਿੱਚ ਸਟੇਟ ਕੈਂਸਰ ਕੇਂਦਰ, ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ, ਰਾਜਸਥਾਨ ਅਤੇ ਸਰਹਿੰਦ ਫੀਡਰ ਨਹਿਰਾਂ ਦੀ ਰੀਲਾਈਨਿੰਗ ਅਤੇ ਪਟਿਆਲਾ ਵਿੱਚ ਮਹਾਰਾਜਾ ਭੁਪਿੰਦਰਾ ਸਿੰਘ ਸਪੋਰਟਸ ਯੂਨੀਵਰਸਿਟੀ ਦੇ ਨਿਰਮਾਣ ਦੀ ਵੀ ਸਮੀਖਿਆ ਕੀਤੀ ਗਈ।

ਮੁੱਖ ਸਕੱਤਰ ਵੱਲੋਂ ਉਚੇਰੀ ਸਿੱਖਿਆ, ਉਦਯੋਗ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗਾਂ ਵੱਲੋਂ ਚਲਾਏ ਜਾ ਰਹੇ ਹੋਰ ਪ੍ਰਮੁੱਖ ਪ੍ਰੋਜੈਕਟਾਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਗਿਆ।
ਸ੍ਰੀਮਤੀ ਮਹਾਜਨ ਨੇ ਸਬੰਧਤ ਪ੍ਰਸ਼ਾਸਕੀ ਸਕੱਤਰਾਂ ਨੂੰ ਅੰਤਰ-ਵਿਭਾਗੀ ਮੁੱਦਿਆਂ ਨੂੰ ਨਿਰਧਾਰਤ ਸਮੇਂ ਅੰਦਰ ਤਰਜੀਹੀ ਤੌਰ ਤੇ ਹੱਲ ਕਰਨ ਲਈ ਅਤੇ ਇਹਨਾਂ ਮੁੱਦਿਆਂ ਤੇ ਨਿੱਜੀ ਤੌਰ ਤੇ ਧਿਆਨ ਦੇਣ ਦੇ ਨਿਰਦੇਸ਼ ਦਿੱਤੇ।

ਵਿੱਤ ਵਿਭਾਗ ਨੂੰ ਸੂਬੇ ਦੇ ਬੁਨਿਆਦੀ ਢਾਂਚਾ ਦੇ ਵਿਕਾਸ ਸਬੰਧੀ ਪ੍ਰਮੁੱਖ ਪ੍ਰੋਜੈਕਟਾਂ ਨੂੰ ਜਲਦ ਮੁਕੰਮਲ ਕਰਨ ਵਾਸਤੇ ਜ਼ਰੂਰਤ ਅਨੁਸਾਰ ਸਮੇਂ ਸਿਰ ਫੰਡ ਜਾਰੀ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ।

ਇਸ ਮੀਟਿੰਗ ਦੌਰਾਨ ਵਧੀਕ ਮੁੱਖ ਸਕੱਤਰ ਸੰਜੈ ਕੁਮਾਰ (ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ), ਅਨੁਰਾਗ ਅਗਰਵਾਲ (ਊਰਜਾ, ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤ), ਪ੍ਰਮੁੱਖ ਸਕੱਤਰ ਕੇ.ਏ.ਪੀ. ਸਿਨਹਾ (ਵਿੱਤ), ਵਿਕਾਸ ਪ੍ਰਤਾਪ (ਪੀ.ਡਬਲਯੂ.ਡੀ.), ਅਲੋਕ ਸ਼ੇਖਰ (ਸਿਹਤ ਅਤੇ ਮੈਡੀਕਲ ਸਿੱਖਿਆ), ਡੀ.ਕੇ. ਤਿਵਾੜੀ (ਜੇਲ੍ਹਾਂ), ਜਸਪ੍ਰੀਤ ਤਲਵਾੜ (ਜਲ ਸਪਲਾਈ ਅਤੇ ਸੈਨੀਟੇਸ਼ਨ), ਹੁਸਨ ਲਾਲ (ਉਦਯੋਗ ਅਤੇ ਵਣਜ), ਰਾਜ ਕਮਲ ਚੌਧਰੀ (ਖੇਡਾਂ ਅਤੇ ਯੁਵਕ ਸੇਵਾਵਾਂ), ਅਤੇ ਅਜੋਏ ਕੁਮਾਰ ਸਿਨਹਾ (ਸਥਾਨਕ ਸਰਕਾਰਾਂ) ਵੀ ਸ਼ਾਮਲ ਸਨ।

ਕੋਵਿਡ ਦੇ ਕਿਸੇ ਮਰੀਜ ਦੀ ਨਹੀਂ ਹੋਈ ਮੌਤ

14th September 2021 at  05:38 PM

3 ਨਵੇਂ ਪਾਜ਼ਿਟਿਵ ਮਰੀਜ਼ ਆਏ ਸਾਹਮਣੇ:ਡਿਪਟੀ ਕਮਿਸ਼ਨਰ

ਅੱਜ 2 ਕੋਰੋਨਾ ਮਰੀਜ਼ ਸਿਹਤਯਾਬ ਹੋਏ

ਐਸ.ਏ.ਐਸ ਨਗਰ: 14 ਸਤੰਬਰ 2021: (ਮੋਹਾਲੀ ਸਕਰੀਨ ਬਿਊਰੋ)::

ਕੋਰੋਨਾ ਦੀ ਤੀਜੀ  ਬਹੁਤ ਕੁਝ ਕਿਹਾ ਸੁਣਿਆ ਜਾ ਰਿਹਾ ਹੈ ਪਰ ਮੰਨਿਓ ਉਹੀ ਜੋ ਕੁਝ ਸਰਕਾਰ ਪ੍ਰਮਾਣਿਕ ਕਰਨ ਤੋਂ ਬਾਅਦ ਤੁਹਾਨੂੰ ਦੱਸਦੀ ਹੈ। ਕੋਰੋਨਾ ਬਾਰੇ ਪ੍ਰਚਾਰ ਤੋਂ ਨਾਂ ਤਾਂ ਘਬਰਾਉਣ ਦੀ ਕੋਈ ਲੋੜ ਹੈ ਅਤੇ ਨਾਂ ਹੀ ਅਵੇਸਲੇ ਹੋਣ ਵਾਲੀ ਕੋਈ ਗੱਲ ਕਰਨੀ ਏ। ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਸਰਕਾਰ ਵੀ ਜੀ ਜਾਨ ਨਾਲ ਲੱਗੀ ਹੋਈ ਹੈ ਅਤੇ ਜ਼ਿਲਾ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਸਰਗਰਮ ਹੈ। ਅੱਜ ਦੇ ਅੰਕੜਿਆਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ: 

SAS Nagar Covid-19 update 14/09/2021

2 Cured, 3 Positive , 0 Death

Boothgarh-1
Gharuan-1
Mohali-1

Total Positive Count - 68673
Total Cured - 67570
Total Active - 42
Total Deaths – 1061

ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ -19 ਦੇ ਪਾਜ਼ਿਟਿਵ ਕੁਲ ਕੇਸ 68673 ਮਿਲੇ ਹਨ ਜਿਨ੍ਹਾਂ ਵਿੱਚੋਂ 67570 ਮਰੀਜ਼ ਠੀਕ ਹੋ ਗਏ ਅਤੇ 42 ਕੇਸ ਐਕਟਿਵ ਹਨ। ਜਦਕਿ 1061 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੋਵਿਡ ਸਬੰਧੀ ਤਾਜਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਅੱਜ ਕੋਵਿਡ-19 ਦੇ 2 ਮਰੀਜ਼ ਠੀਕ ਹੋਏ ਹਨ ਅਤੇ 3 ਨਵੇਂ ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ ਕਿਸੇ ਮਰੀਜ ਦੀ ਮੌਤ ਨਹੀਂ ਹੋਈ ।
ਉਨ੍ਹਾਂ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਪਾਜ਼ਿਟਿਵ ਕੇਸਾਂ ਵਿਚ ਬੂਥਗੜ੍ਹ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 1 ਕੇਸ, ਘੜੂੰਆਂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 1 ਕੇਸ , ਮੋਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 1 ਕੇਸ ਸ਼ਾਮਲ ਹਨ।

ਪਿੰਡ-ਪਿੰਡ ਪਹੁੰਚਾਈਆਂ ਜਾ ਰਹੀਆਂ ਨੇ ਸਾਰੀਆਂ ਸਿਹਤ ਸਹੂਲਤਾਂ

 14th September 2021 at  05:37 PM

ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਵੰਡੇ ਚੈੱਕ
ਵਿਸ਼ਵ ਪੱਧਰੀ ਮੈਡੀਕਲ ਸਹੂਲਤਾਂ ਦਾ ਧੁਰਾ ਬਣਿਆ ਮੁਹਾਲੀ: ਬਲਬੀਰ ਸਿੰਘ ਸਿੱਧੂ
 
ਐਸ.ਏ.ਐਸ. ਨਗਰ. 14 ਸਤੰਬਰ 2021: (ਮੋਹਾਲੀ ਸਕਰੀਨ ਬਿਊਰੋ)::
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੁਹਾਲੀ ਸ਼ਹਿਰ ਵਿਸ਼ਵ ਪੱਧਰੀ ਮੈਡੀਕਲ ਸਹੂਲਤਾਂ ਦਾ ਧੁਰਾ ਬਣ ਚੁੱਕਿਆ ਹੈ। ਸ਼ਹਿਰ ਵਿੱਚ ਜਿੱਥੇ ਮਿਆਰੀ ਪ੍ਰਾਈਵੇਟ ਹਸਪਤਾਲ ਹਨ, ਉਥੇ ਸਰਕਾਰੀ ਹਸਪਤਾਲਾਂ ਵਿੱਚ ਵੀ ਸਾਰੀਆਂ ਇਲਾਜ ਤੇ ਲੈਬਾਰਟਰੀ ਸਹੂਲਤਾਂ ਮਿਲ ਰਹੀਆਂ ਹਨ। ਅਜੇ ਕੱਲ੍ਹ ਹੀ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਰੇਡੀਓਲੋਜੀ ਡਾਇਗਨੋਸਟਿਕ ਅਤੇ ਲੈਬਾਰਟਰੀ ਡਾਇਗਨੋਸਟਿਕ ਸੇਵਾਵਾਂ ਦੀ ਸ਼ੁਰੂਆਤ ਹੋਈ ਹੈ, ਜਿਸ ਵਿੱਚ ਲੈਬਾਰਟਰੀ, ਐਮ.ਆਰ.ਆਈ., ਸੀ.ਟੀ. ਸਕੈਨ ਤੇ ਹੋਰ ਸੇਵਾਵਾਂ ਪ੍ਰਾਈਵੇਟ ਹਸਪਤਾਲਾਂ ਦੇ ਮੁਕਾਬਲੇ 70 ਫੀਸਦੀ ਘੱਟ ਕੀਮਤਾਂ ਉਤੇ ਮਿਲਣਗੀਆਂ।
ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਚੈੱਕ ਵੰਡਣ ਮੌਕੇ ਸ. ਸਿੱਧੂ ਨੇ ਕਿਹਾ ਕਿ ਮੁਹਾਲੀ ਦੇ ਪਿੰਡਾਂ ਵਿੱਚ ਵੀ ਮਿਆਰੀ ਸਿਹਤ ਸੇਵਾਵਾਂ ਦੇ ਨਾਲ-ਨਾਲ ਹੋਰ ਸਾਰੀਆਂ ਸਰਕਾਰੀ ਸਕੀਮਾਂ ਦਾ ਲਾਭ ਹਰੇਕ ਵਿਅਕਤੀ ਤੱਕ ਪੁੱਜਦਾ ਕਰਨਾ ਯਕੀਨੀ ਬਣਾਇਆ ਗਿਆ ਹੈ।
ਹਲਕੇ ਦੇ ਪਿੰਡਾਂ ਵਿੱਚ ਕਮਿਊਨਿਟੀ ਹੈਲਥ ਸੈਂਟਰ, ਹੈਲਥ ਐਂਡ ਵੈਲਨੈੱਸ ਸੈਂਟਰ ਨਵੇਂ ਖੋਲ੍ਹਣ ਤੋਂ ਇਲਾਵਾ ਪੁਰਾਣੀਆਂ ਡਿਸਪੈਂਸਰੀਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵਿੱਚ ਡਾਕਟਰਾਂ ਤੇ ਹੋਰ ਸਟਾਫ਼ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੇ ਹਸਪਤਾਲਾਂ ਵਿੱਚ ਸਟਾਫ਼ ਦੀ ਕਮੀ ਨੂੰ ਦੂਰ ਕਰਨ ਲਈ ਵੱਡੇ ਪੱਧਰ ਉਤੇ ਡਾਕਟਰਾਂ, ਨਰਸਾਂ ਤੇ ਤਕਨੀਸ਼ੀਅਨਾਂ ਦੀ ਭਰਤੀ ਕੀਤੀ ਗਈ ਅਤੇ ਹੁਣ ਵੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਤਾਂ ਜੋ ਸੂਬੇ ਦਾ ਕੋਈ ਵੀ ਹਸਪਤਾਲ ਸਟਾਫ਼ ਦੀ ਘਾਟ ਦਾ ਸਾਹਮਣਾ ਨਾ ਕਰੇ।
ਕੈਬਨਿਟ ਮੰਤਰੀ ਨੇ ਅੱਜ ਆਪਣੇ ਦੌਰੇ ਦੀ ਸ਼ੁਰੂਆਤ ਪਿੰਡ ਬਰਿਆਲੀ ਤੋਂ ਕੀਤੀ, ਜਿੱਥੇ ਉਨ੍ਹਾਂ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਪੰਚਾਇਤ ਨੂੰ ਫਿਰਨੀ ਤੇ ਸਟਰੀਟ ਲਾਇਟਾਂ ਦੇ ਕੰਮ ਲਈ 1 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ। ਪਿੰਡ ਰਾਏਪੁਰ ਵਿੱਚ ਵਿੱਚ ਸ. ਸਿੱਧੂ ਨੇ ਸ਼ਮਸ਼ਾਨਘਾਟ ਲਈ 7 ਲੱਖ ਰੁਪਏ ਅਤੇ ਗਲੀਆਂ ਨਾਲੀਆਂ ਦੀ ਉਸਾਰੀ ਲਈ 2 ਲੱਖ ਰੁਪਏ ਦਾ ਚੈੱਕ ਸੌਂਪਿਆ। ਪਿੰਡ ਬੱਲੋਮਾਜਰਾ ਵਿੱਚ ਵਿੱਚ ਉਨ੍ਹਾਂ ਕਬਰਿਸਤਾਨ ਦੀ ਚਾਰਦੀਵਾਰੀ ਲਈ 7 ਲੱਖ ਰੁਪਏ ਅਤੇ ਗਲੀਆਂ ਨਾਲੀਆਂ ਲਈ 8 ਲੱਖ ਰੁਪਏ ਦੇ ਚੈੱਕ ਦਿੱਤੇ। ਇਸ ਮਗਰੋਂ ਉਨ੍ਹਾਂ ਪਿੰਡ ਬੜ੍ਹਮਾਜਰਾ ਵਿਖੇ ਪਹੁੰਚ ਕੇ ਇਸ ਪਿੰਡ ਦੀਆਂ ਗਲੀਆਂ ਨਾਲੀਆਂ ਲਈ 8 ਲੱਖ ਅਤੇ ਸਟਰੀਟ ਲਾਈਟਾਂ ਲਈ 3 ਲੱਖ ਰੁਪਏ ਦੇ ਚੈੱਕ ਪੰਚਾਇਤ ਨੂੰ ਦਿੱਤੇ।
ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਜਸਵਿੰਦਰ ਕੌਰ, ਠੇਕੇਦਾਰ ਮੋਹਨ ਸਿੰਘ ਬਠਲਾਣਾ ਵਾਈਸ ਚੇਅਰਮੈਨ ਲੇਬਰਫੈੱਡ ਪੰਜਾਬ, ਮਨਜੀਤ ਸਿੰਘ ਤੰਗੌਰੀ ਵਾਈਸ ਚੇਅਰਮੈਨ ਪੰਚਾਇਤ ਸਮਿਤੀ ਖਰੜ, ਕੁਲਵੰਤ ਸਿੰਘ ਸਾਬਕਾ ਸਰਪੰਚ ਬਰਿਆਲੀ, ਪਰਮਿੰਦਰ ਕੌਰ ਸਰਪੰਚ ਬਰਿਆਲੀ, ਹਰਪਿੰਦਰ ਸਿੰਘ ਪੰਚ, ਹਰਿੰਦਰ ਸਿੰਘ ਪੰਚ, ਮੋਹਨ ਸਿੰਘ ਸਰਪੰਚ ਰਾਏਪੁਰ, ਜੱਸੀ ਸਰਪੰਚ ਬੱਲੋਮਾਜਰਾ, ਰਣਜੀਤ ਕੌਰ ਸਰਪੰਚ ਬੜ੍ਹਮਾਜਰਾ, ਕਰਨੈਲ ਸਿੰਘ ਅਤੇ ਗੁਰਦੇਵ ਸਾਬਕਾ ਸਰਪੰਚ ਬੜ੍ਹਮਾਜਰਾ ਸਮੇਤ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। 

03 September 2021

ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕੀਤਾ ਟਿਊਬਵੈੱਲ ਦਾ ਉਦਘਾਟਨ

3rd September 2021 at 09:30 PM 

 ਪਿੰਡ ਝਾਮਪੁਰ ਵਾਸੀਆਂ ਨੇ ਕੀਤਾ ਸਾਬਕਾ ਮੇਅਰ ਕੁਲਵੰਤ ਸਿੰਘ ਦਾ ਧੰਨਵਾਦ 

ਐਸ.ਏ.ਐਸ. ਨਗਰ, ਮੋਹਾਲੀ: 3 ਸਤੰਬਰ 2021: (ਗੁਰਜੀਤ ਬਿੱਲਾ// ਇਨਪੁਟ ਮੋਹਾਲੀ ਸਕਰੀਨ ਡੈਸਕ)::

ਟਿਊਬਵੈਲ ਦਾ ਉਦਘਾਟਨ ਕਰਦੇ ਹੋਏ ਸਾਬਕਾ ਮੇਅਰ ਕੁਲਵੰਤ ਸਿੰਘ
ਪਾਣੀ ਦੀ ਕਮੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾਣ ਲੱਗ ਪਈ ਹੈ। ਹੁਣ ਪੰਜਾਬ ਵਿੱਚ ਵੀ ਕਈ ਥਾਈਂ ਪੀਣ ਵਾਲਾ ਪਾਣੀ ਨਹੀਂ ਆਉਂਦਾ। ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦੀ ਵਿਕਰੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਜਿਹੜੇ ਅਮੀਰ ਪਰਿਵਾਰ ਸਬ ਮਰ੍ਸਿਬਲ ਪੰਪ ਨਾਲ ਆਪਣੀਆਂ ਟੂਟੀਆਂ ਵਿੱਚ ਪਾਣੀ ਖਿੱਚਦੇ ਹਨ ਉਹਨਾਂ ਦੇ ਆਂਢ ਗੁਆਂਢ ਦੇ ਘਰਾਂ ਵਿੱਚ ਪਾਣੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਮਿਊਂਸਪਲ ਟੂਟੀਆਂ ਵਾਲਿਆਂ ਪਾਈਪਾਂ ਸੁੱਕੀਆਂ ਪੈਣ ਰਹਿ ਜਾਂਦੀਆਂ ਹਨ। ਸ਼ਾਇਦ ਪੰਜਾਬ ਦੇ ਲੋਕਾਂ ਨੂੰ ਹੁਣ ਉਹ ਝਗੜੇ ਅਤੇ ਵਿਵਾਦ ਸਮਝ ਆਉਣ ਲੱਗ ਪੈਣ ਜਿਹੜੇ ਪੰਜਾਬ ਦੇ ਪਾਣੀਆਂ ਦੀ ਲੁੱਟ ਬਾਰੇ ਪਿਛਲੇ ਦਹਾਕਿਆਂ ਵਿੱਚ ਹੁੰਦੇ ਰਹੇ ਹਨ। ਖੈਰ ਗੱਲ ਤਾਂ ਹੁਣ ਦੀ ਹੈ। ਪਾਣੀ ਦੇ ਮੌਜੂਦਾ ਸੰਕਟ ਦੀ। ਇਸ ਸੰਕਟ ਨੂੰ ਹੱਲ ਕਰਨ ਲਈ ਬਹੁਤ ਸਾਰੇ ਸਥਾਨਕ ਲੀਡਰ ਜਤਨਸ਼ੀਲ ਹਨ। ਉਹਨਾਂ ਇਲਾਕਿਆਂ ਦੇ ਲੋਕ ਚੰਗੀ ਕਿਸਮਤ ਵਾਲੇ ਹਨ ਜਿਹਨਾਂ ਨੂੰ ਅਜਿਹੇ ਸੁਭਾਗੇ ਲੀਡਰ ਮਿਲੇ ਹੋਏ ਹਨ। ਪਿਛਲੇ ਦਿਨੀਂ  ਪਿੰਡ ਝਾਮਪੁਰ ਵਿੱਚ ਪਾਣੀ ਦੀ ਕਿੱਲਤ ਮਹਿਸੂਸ ਹੋਣ ਲੱਗੀ ਤਾਂ ਸਾਬਕਾ ਮੇਅਰ ਨੇ ਇਸਦਾ ਇੰਤਜ਼ਾਮ ਝੱਟਪੱਟ ਕਰਵਾ ਦਿੱਤਾ।  

ਮੋਹਾਲੀ ਦੇ ਸਾਬਕਾ ਮੇਅਰ ਸ. ਕੁਲਵੰਤ ਸਿੰਘ ਨੇ ਪਿੰਡ ਝਾਮਪੁਰ ਵਿਖੇ ਪਿੰਡ ਵਾਸੀਆਂ ਦੀ ਮੰਗ 'ਤੇ ਟਿਊਬਵੈੱਲ ਦੀ ਸੇਵਾ ਨਿਭਾਈ। ਇਸ ਦੇ ਨਾਲ ਹੀ ਉਹਨਾਂ ਪਿੰਡ ਵਾਸੀਆਂ ਦੀ ਮੌਜੂਦਗੀ ’ਚ ਖੁਦ ਪਹੁੰਚ ਕੇ ਟਿਊਬਵੈੱਲ ਦਾ ਉਦਘਾਟਨ ਵੀ ਕੀਤਾ।

ਸ. ਕੁਲਵੰਤ ਸਿੰਘ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਪਾਣੀ ਮਨੁੱਖ ਦੀ ਸਭ ਤੋਂ ਪਹਿਲੀ ਲੋੜ ਹੈ। ਉਹਨਾਂ ਕਿਹਾ ਕਿ ਜੇਕਰ ਅਜ਼ਾਦੀ ਦੇ ਇੰਨੇ ਵਰ੍ਹੇ ਬਾਅਦ ਵੀ ਲੋਕਾਂ ਨੂੰ ਪਾਣੀ ਮੁਹੱਈਆ ਨਹੀਂ ਕਰਵਾਇਆ ਜਾ ਸਕਦਾ ਤਾਂ ਇਹ ਨਿੰਦਣਯੋਗ ਹੈ। ਉਹਨਾਂ ਇਹ ਭਰੋਸਾ ਵੀ ਦਿੱਤਾ ਕਿ ਆਉਣ ਵਾਲੇ ਸਮੇਂ ’ਚ ਵੀ ਲੋਕਾਂ ਦੀ ਸੇਵਾ ਕਰਦੇ ਰਹਿਣਗੇ। 

ਇਸ ਦੌਰਾਨ ਪਿੰਡ ਦੀ ਪੰਚਾਇਤ ਵੱਲੋਂ ਸ. ਕੁਲਵੰਤ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਨਾਲ ਹਰਪਾਲ ਸਿੰਘ ਚੰਨਾ,  ਫੂਲਰਾਜ ਸਿੰਘ, ਰਾਜਿੰਦਰ ਪ੍ਰਸ਼ਾਦ ਸ਼ਰਮਾ, ਅਕਬਿੰਦਰ ਸਿੰਘ ਗੋਸਲ, ਕੁਲਦੀਪ ਸਿੰਘ ਦੂੰਮੀ, ਹਰਵਿੰਦਰ ਸਿੰਘ ਸੈਣੀ, ਹਰਪਾਲ ਸਿੰਘ ਬਰਾੜ, ਗੁਰਪਾਲ ਸਿੰਘ ਗਰੇਵਾਲ, ਜਸਪਾਲ ਸਿੰਘ ਮਟੌਰ, ਸੁਮੀਤ ਸੋਢੀ, ਤਰਨਜੀਤ ਸਿੰਘ, ਡਾਕਟਰ ਕੁਲਦੀਪ ਸਿੰਘ, ਅਮਰਜੀਤ ਸਿੰਘ ਬਰਾੜ ਅਤੇ ਐੱਮ.ਸੀ ਗੁਰਮੀਤ ਕੌਰ ਤੋਂ ਇਲਾਵਾ ਪਿੰਡ ਦੇ ਸਰਪੰਚ ਸੁਖਦੀਪ ਸਿੰਘ, ਪੰਚ ਗੁਰਪ੍ਰੀਤ ਸਿੰਘ, ਪੰਚ ਹਰਪ੍ਰੀਤ ਕੌਰ, ਪੰਚ ਗੁਰਦੀਪ ਸਿੰਘ, ਪੰਚ ਪ੍ਰਭਜੋਤ ਸਿੰਘ, ਪੰਚ ਗੁਰਤੇਜ ਸਿੰਘ, ਕਲੱਬ ਪ੍ਰਧਾਨ ਗੁਰਮੁੱਖ ਸਿੰਘ, ਸਰਮੁਖ ਸਿੰਘ, ਕੁਲਦੀਪ ਸਿੰਘ ਰੁੜਕੀ ਅਤੇ ਜਸਵਿੰਦਰ ਸਿੰਘ ਸਮੇਤ ਪਿੰਡ ਦੇ ਪਤਵੰਤੇ ਸੱਜਣ ਵੀ ਮੌਜੂਦ ਸਨ। ਚੰਗਾ ਹੋਵੇ ਜੇ ਕਰ ਮੋਹਾਲੀ ਦੇ ਬਾਕੀ ਇਲਾਕਿਆਂ ਦੇ ਲੋਕਾਂ ਨੂੰ ਵੀ ਇਹਨਾਂ ਸਬੰਧਤ ਇਲਾਕਿਆਂ ਦੇ ਲੀਡਰ ਜਲਦੀ ਤੋਂ ਜਲਦੀ ਅਜਿਹੀਆਂ ਰਾਹਤਾਂ ਦੇ ਸਕਣ। 

ਇਹ ਵੀ ਜ਼ਰੂਰ ਪੜ੍ਹੋ:











ਏ.ਡੀ.ਸੀ ਵੱਲੋਂ ਕਾਨਟੀਨੈਂਟਲ ਫਰਮ ਦਾ ਲਾਇਸੰਸ ਰੱਦ

Saturday 23rd March 2024 at 7:14 PM ਲਾਇਸੈਂਸ ਦੀ ਮਿਆਦ 14 ਨਵੰਬਰ 2022 ਨੂੰ ਖਤਮ ਹੋ ਗਈ ਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ : 23 ਮਾਰਚ  2024 : ( ਕਾਰਤਿਕਾ ਕਲਿਆਣ...