14 September 2021

ਪਿੰਡ-ਪਿੰਡ ਪਹੁੰਚਾਈਆਂ ਜਾ ਰਹੀਆਂ ਨੇ ਸਾਰੀਆਂ ਸਿਹਤ ਸਹੂਲਤਾਂ

 14th September 2021 at  05:37 PM

ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਵੰਡੇ ਚੈੱਕ
ਵਿਸ਼ਵ ਪੱਧਰੀ ਮੈਡੀਕਲ ਸਹੂਲਤਾਂ ਦਾ ਧੁਰਾ ਬਣਿਆ ਮੁਹਾਲੀ: ਬਲਬੀਰ ਸਿੰਘ ਸਿੱਧੂ
 
ਐਸ.ਏ.ਐਸ. ਨਗਰ. 14 ਸਤੰਬਰ 2021: (ਮੋਹਾਲੀ ਸਕਰੀਨ ਬਿਊਰੋ)::
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੁਹਾਲੀ ਸ਼ਹਿਰ ਵਿਸ਼ਵ ਪੱਧਰੀ ਮੈਡੀਕਲ ਸਹੂਲਤਾਂ ਦਾ ਧੁਰਾ ਬਣ ਚੁੱਕਿਆ ਹੈ। ਸ਼ਹਿਰ ਵਿੱਚ ਜਿੱਥੇ ਮਿਆਰੀ ਪ੍ਰਾਈਵੇਟ ਹਸਪਤਾਲ ਹਨ, ਉਥੇ ਸਰਕਾਰੀ ਹਸਪਤਾਲਾਂ ਵਿੱਚ ਵੀ ਸਾਰੀਆਂ ਇਲਾਜ ਤੇ ਲੈਬਾਰਟਰੀ ਸਹੂਲਤਾਂ ਮਿਲ ਰਹੀਆਂ ਹਨ। ਅਜੇ ਕੱਲ੍ਹ ਹੀ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਰੇਡੀਓਲੋਜੀ ਡਾਇਗਨੋਸਟਿਕ ਅਤੇ ਲੈਬਾਰਟਰੀ ਡਾਇਗਨੋਸਟਿਕ ਸੇਵਾਵਾਂ ਦੀ ਸ਼ੁਰੂਆਤ ਹੋਈ ਹੈ, ਜਿਸ ਵਿੱਚ ਲੈਬਾਰਟਰੀ, ਐਮ.ਆਰ.ਆਈ., ਸੀ.ਟੀ. ਸਕੈਨ ਤੇ ਹੋਰ ਸੇਵਾਵਾਂ ਪ੍ਰਾਈਵੇਟ ਹਸਪਤਾਲਾਂ ਦੇ ਮੁਕਾਬਲੇ 70 ਫੀਸਦੀ ਘੱਟ ਕੀਮਤਾਂ ਉਤੇ ਮਿਲਣਗੀਆਂ।
ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਚੈੱਕ ਵੰਡਣ ਮੌਕੇ ਸ. ਸਿੱਧੂ ਨੇ ਕਿਹਾ ਕਿ ਮੁਹਾਲੀ ਦੇ ਪਿੰਡਾਂ ਵਿੱਚ ਵੀ ਮਿਆਰੀ ਸਿਹਤ ਸੇਵਾਵਾਂ ਦੇ ਨਾਲ-ਨਾਲ ਹੋਰ ਸਾਰੀਆਂ ਸਰਕਾਰੀ ਸਕੀਮਾਂ ਦਾ ਲਾਭ ਹਰੇਕ ਵਿਅਕਤੀ ਤੱਕ ਪੁੱਜਦਾ ਕਰਨਾ ਯਕੀਨੀ ਬਣਾਇਆ ਗਿਆ ਹੈ।
ਹਲਕੇ ਦੇ ਪਿੰਡਾਂ ਵਿੱਚ ਕਮਿਊਨਿਟੀ ਹੈਲਥ ਸੈਂਟਰ, ਹੈਲਥ ਐਂਡ ਵੈਲਨੈੱਸ ਸੈਂਟਰ ਨਵੇਂ ਖੋਲ੍ਹਣ ਤੋਂ ਇਲਾਵਾ ਪੁਰਾਣੀਆਂ ਡਿਸਪੈਂਸਰੀਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵਿੱਚ ਡਾਕਟਰਾਂ ਤੇ ਹੋਰ ਸਟਾਫ਼ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੇ ਹਸਪਤਾਲਾਂ ਵਿੱਚ ਸਟਾਫ਼ ਦੀ ਕਮੀ ਨੂੰ ਦੂਰ ਕਰਨ ਲਈ ਵੱਡੇ ਪੱਧਰ ਉਤੇ ਡਾਕਟਰਾਂ, ਨਰਸਾਂ ਤੇ ਤਕਨੀਸ਼ੀਅਨਾਂ ਦੀ ਭਰਤੀ ਕੀਤੀ ਗਈ ਅਤੇ ਹੁਣ ਵੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਤਾਂ ਜੋ ਸੂਬੇ ਦਾ ਕੋਈ ਵੀ ਹਸਪਤਾਲ ਸਟਾਫ਼ ਦੀ ਘਾਟ ਦਾ ਸਾਹਮਣਾ ਨਾ ਕਰੇ।
ਕੈਬਨਿਟ ਮੰਤਰੀ ਨੇ ਅੱਜ ਆਪਣੇ ਦੌਰੇ ਦੀ ਸ਼ੁਰੂਆਤ ਪਿੰਡ ਬਰਿਆਲੀ ਤੋਂ ਕੀਤੀ, ਜਿੱਥੇ ਉਨ੍ਹਾਂ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਪੰਚਾਇਤ ਨੂੰ ਫਿਰਨੀ ਤੇ ਸਟਰੀਟ ਲਾਇਟਾਂ ਦੇ ਕੰਮ ਲਈ 1 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ। ਪਿੰਡ ਰਾਏਪੁਰ ਵਿੱਚ ਵਿੱਚ ਸ. ਸਿੱਧੂ ਨੇ ਸ਼ਮਸ਼ਾਨਘਾਟ ਲਈ 7 ਲੱਖ ਰੁਪਏ ਅਤੇ ਗਲੀਆਂ ਨਾਲੀਆਂ ਦੀ ਉਸਾਰੀ ਲਈ 2 ਲੱਖ ਰੁਪਏ ਦਾ ਚੈੱਕ ਸੌਂਪਿਆ। ਪਿੰਡ ਬੱਲੋਮਾਜਰਾ ਵਿੱਚ ਵਿੱਚ ਉਨ੍ਹਾਂ ਕਬਰਿਸਤਾਨ ਦੀ ਚਾਰਦੀਵਾਰੀ ਲਈ 7 ਲੱਖ ਰੁਪਏ ਅਤੇ ਗਲੀਆਂ ਨਾਲੀਆਂ ਲਈ 8 ਲੱਖ ਰੁਪਏ ਦੇ ਚੈੱਕ ਦਿੱਤੇ। ਇਸ ਮਗਰੋਂ ਉਨ੍ਹਾਂ ਪਿੰਡ ਬੜ੍ਹਮਾਜਰਾ ਵਿਖੇ ਪਹੁੰਚ ਕੇ ਇਸ ਪਿੰਡ ਦੀਆਂ ਗਲੀਆਂ ਨਾਲੀਆਂ ਲਈ 8 ਲੱਖ ਅਤੇ ਸਟਰੀਟ ਲਾਈਟਾਂ ਲਈ 3 ਲੱਖ ਰੁਪਏ ਦੇ ਚੈੱਕ ਪੰਚਾਇਤ ਨੂੰ ਦਿੱਤੇ।
ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਜਸਵਿੰਦਰ ਕੌਰ, ਠੇਕੇਦਾਰ ਮੋਹਨ ਸਿੰਘ ਬਠਲਾਣਾ ਵਾਈਸ ਚੇਅਰਮੈਨ ਲੇਬਰਫੈੱਡ ਪੰਜਾਬ, ਮਨਜੀਤ ਸਿੰਘ ਤੰਗੌਰੀ ਵਾਈਸ ਚੇਅਰਮੈਨ ਪੰਚਾਇਤ ਸਮਿਤੀ ਖਰੜ, ਕੁਲਵੰਤ ਸਿੰਘ ਸਾਬਕਾ ਸਰਪੰਚ ਬਰਿਆਲੀ, ਪਰਮਿੰਦਰ ਕੌਰ ਸਰਪੰਚ ਬਰਿਆਲੀ, ਹਰਪਿੰਦਰ ਸਿੰਘ ਪੰਚ, ਹਰਿੰਦਰ ਸਿੰਘ ਪੰਚ, ਮੋਹਨ ਸਿੰਘ ਸਰਪੰਚ ਰਾਏਪੁਰ, ਜੱਸੀ ਸਰਪੰਚ ਬੱਲੋਮਾਜਰਾ, ਰਣਜੀਤ ਕੌਰ ਸਰਪੰਚ ਬੜ੍ਹਮਾਜਰਾ, ਕਰਨੈਲ ਸਿੰਘ ਅਤੇ ਗੁਰਦੇਵ ਸਾਬਕਾ ਸਰਪੰਚ ਬੜ੍ਹਮਾਜਰਾ ਸਮੇਤ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। 

No comments:

Post a Comment

UTUC ਯੂਨੀਅਨ ਆਈ ਖੁੱਲ੍ਹ ਕੇ ਮੋਹਾਲੀ ਦੇ ਫ਼ੂਡ ਵੈਂਡਰਜ਼ ਨਾਲ

From  Simrandeep Singh on Saturday 31st May 2025 at 10:56 AM Regarding  Street Vendors ਸਮੱਸਿਆਵਾਂ ਦੂਰ ਕਰਨ ਲਈ ਬਣਾਈ ਰਣਨੀਤੀ  *ਯੂਨਾਇਟੇਡ ਟ੍ਰੇਡ ਯੂਨ...