DPRO on Thursday 14th May 2026 at 4:46 PM Regarding Local Govt. Elections Mohali
ਸਥਾਨਕ ਸਰਕਾਰ ਚੋਣਾਂ ਲਈ ਜ਼ੀਰਕਪੁਰ ਤੋਂ ਇੱਕ ਅਤੇ ਖਰੜ ਤੋਂ ਦੋ ਨਾਮਜ਼ਦਗੀਆਂ ਦਾਖਲ
16 ਮਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਾਰੀਖ
ਸਾਹਿਬਜ਼ਾਦਾ ਅਜੀਤ ਸਿੰਘ ਨਗਰ:14 ਮਈ 2026: (ਕਾਰਤਿਕਾ ਕਲਿਆਣੀ ਸਿੰਘ//ਮੋਹਾਲੀ ਸਕਰੀਨ)::ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸਥਾਨਕ ਸਰਕਾਰ ਚੋਣਾਂ ਲਈ ਚੱਲ ਰਹੀ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਅੱਜ ਜ਼ੀਰਕਪੁਰ ਅਤੇ ਖਰੜ ਨਗਰ ਕੌਂਸਲਾਂ ਵਿੱਚ ਕੁੱਲ ਤਿੰਨ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਨਗਰ ਕੌਂਸਲ ਜ਼ੀਰਕਪੁਰ ਦੇ ਵਾਰਡ ਨੰਬਰ 22 ਲਈ ਇੱਕ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ, ਜਦਕਿ ਨਗਰ ਕੌਂਸਲ ਖਰੜ ਦੇ ਵਾਰਡ ਨੰਬਰ 22 ਲਈ ਦੋ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 16 ਮਈ ਹੈ। ਦਾਖਲ ਕੀਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਕੀਤੀ ਜਾਵੇਗੀ ਅਤੇ 19 ਮਈ ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 26 ਮਈ ਨੂੰ ਹੋਣ ਵਾਲੀਆਂ ਸਥਾਨਕ ਸਰਕਾਰ ਚੋਣਾਂ ਲਈ ਕੁੱਲ 195 ਵਾਰਡ ਹਨ, ਜਿਨ੍ਹਾਂ ਵਿੱਚ ਨਗਰ ਨਿਗਮ ਮੋਹਾਲੀ ਅਤੇ ਨਗਰ ਕੌਂਸਲਾਂ ਖਰੜ, ਕੁਰਾਲੀ, ਨਵਾਂ ਗਾਉਂ, ਡੇਰਾਬੱਸੀ, ਜ਼ੀਰਕਪੁਰ, ਲਾਲੜੂ ਅਤੇ ਬਨੂੰੜ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਸਾਰੇ ਆਰ ਓਜ਼ ਅਤੇ ਏ ਆਰ ਓਜ਼ ਨੂੰ ਨਾਮਜ਼ਦਗੀ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸਾਰੇ ਉਮੀਦਵਾਰਾਂ ਲਈ ਬਰਾਬਰ ਮੌਕੇ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਮੋਹਾਲੀ ਦੇ ਵਾਰਡ ਨੰਬਰ 1 ਤੋਂ 25 ਤੱਕ ਲਈ ਨਾਮਜ਼ਦਗੀ ਪ੍ਰਕਿਰਿਆ ਪੂਡਾ ਭਵਨ ਵਿਖੇ ਚੱਲ ਰਹੀ ਹੈ, ਜਦਕਿ ਵਾਰਡ ਨੰਬਰ 26 ਤੋਂ 50 ਤੱਕ ਲਈ ਨਾਮਜ਼ਦਗੀਆਂ ਐਸ ਡੀ ਐਮ ਦਫ਼ਤਰ ਮੋਹਾਲੀ ਵਿਖੇ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ।
ਇਸੇ ਤਰ੍ਹਾਂ ਨਗਰ ਕੌਂਸਲ ਖਰੜ ਅਤੇ ਡੇਰਾਬੱਸੀ ਲਈ ਨਾਮਜ਼ਦਗੀ ਪੱਤਰ ਕ੍ਰਮਵਾਰ ਐਸ ਡੀ ਐਮ ਕੋਰਟ ਰੂਮ ਖਰੜ ਅਤੇ ਡੇਰਾਬੱਸੀ ਵਿਖੇ ਪ੍ਰਾਪਤ ਕੀਤੇ ਜਾ ਰਹੇ ਹਨ, ਜਦਕਿ ਨਗਰ ਕੌਂਸਲ ਬਨੂੰੜ ਲਈ ਤਹਿਸੀਲ ਦਫ਼ਤਰ ਬਨੂੰੜ ਨੂੰ ਨਾਮਜ਼ਦਗੀ ਪ੍ਰਾਪਤੀ ਕੇਂਦਰ ਨਿਰਧਾਰਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਨਗਰ ਕੌਂਸਲ ਦਫ਼ਤਰ ਜ਼ੀਰਕਪੁਰ, ਕੁਰਾਲੀ, ਨਵਾਂ ਗਾਉਂ ਅਤੇ ਲਾਲੜੂ ਨੂੰ ਵੀ ਸਬੰਧਤ ਸਥਾਨਕ ਸੰਸਥਾਵਾਂ ਲਈ ਨਾਮਜ਼ਦਗੀ ਪ੍ਰਾਪਤ ਕਰਨ ਵਾਲੇ ਕੇਂਦਰਾਂ ਵਜੋਂ ਨੋਟੀਫਾਈ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਾਰੇ ਆਰ ਓਜ਼ ਅਤੇ ਏ ਆਰ ਓਜ਼ ਨੂੰ ਨਾਮਜ਼ਦਗੀ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਦੇ ਨਾਲ-ਨਾਲ ਸਾਰੇ ਉਮੀਦਵਾਰਾਂ ਲਈ ਬਰਾਬਰੀ ਦਾ ਮੌਕਾ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
No comments:
Post a Comment