02 October 2021

ਗਰਾਮ ਪੰਚਾਇਤ ਦਾਊਂ ਦਾ ਜਨਰਲ ਅਜਲਾਸ ਹੋਇਆ

2nd October 2021 at 04:49 PM

ਲੋੜਵੰਦਾਂ ਨੂੰ 5-5 ਮਰਲੇ ਦੇ ਪਲਾਟ ਦੇਣ ਲਈ ਮਤਾ ਸਰਬ-ਸੰਮਤੀ ਨਾਲ ਪਾਸ

ਗਰਾਮ ਪੰਚਾਇਤ ਦਾਉੂਂ ਦੇ ਜਨਰਲ ਅਜਲਾਸ ਵਿੱਚ ਸਾਮਲ ਪਿੰਡ ਵਾਸੀ 

ਮੋਹਾਲੀ: 2 ਅਕਤੂਬਰ 2021: (ਗੁਰਜੀਤ ਬਿੱਲਾ//ਮੋਹਾਲੀ ਸਕਰੀਨ):: 

ਗਰਾਮ ਪੰਚਾਇਤ ਦਾਊਂ ਵੱਲੋਂ ਗਰੀਬ ਤੇ ਬੇਘਰੇ ਪਿੰਡ ਵਾਸੀਆਂ ਨੂੰ 5-5 ਮਰਲੇ ਪਲਾਟ ਦੇਣ ਲਈ ਜਨਰਲ ਅਜਲਾਸ ਪਿੰਡ ਦੇ ਸਰਪੰਚ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ । ਇਸ ਮੌਕੇ ਪੰਚਾਇਤ ਸੈਕਟਰੀ ਹਰਦੀਪ ਸਿੰਘ, ਮੈਂਬਰ ਪੰਚਾਇਤ ਚਰਨਜੀਤ ਸਿੰਘ ਬਬਲੂ, ਗੁਰਦੀਪ ਸਿੰਘ, ਸੁਰਿੰਦਰ ਕੌਰ, ਸਲੀਮ ਖਾਂਨ, ਗੁਰਮੀਤ ਸਿੰਘ ਅਤੇ ਪ੍ਰਮੋਦ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਅਜਮੇਰ ਸਿੰਘ ਸਰਪੰਚ ਨੇ ਦੱਸਿਆ ਕਿ ਪੰਚਾਇਤ ਵਿਭਾਗ ਵੱਲੋਂ ਆਦੇਸ ਕੀਤੇ ਗਏ ਹਨ ਕਿ ਪੰਜਾਬ ਸਰਕਾਰ ਵੱਲੋਂ ਪਿੰਡਾ ਵਿੱਚ  ਵਸ ਰਹੇ ਬੇਘਰੇ ਪਰੀਵਾਰਾਂ ਨੂੰ 5-5 ਮਰਲੇ ਦੇ ਪਲਾਟ ਦਿਤੇ ਜਾਣੇ ਹਨ।  ਵਿਭਾਗ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ ਪਿੰਡ ਦਾ ਜਨਰਲ ਅਜਲਾਸ ਬੁਲਾਕੇ ਮਤੇ ਪਾਏ ਜਾਣ। ਇਸ ਤੋਂ ਇਲਾਵੇ ਮਤੇ ਦੀਆਂ ਕਾਪੀਆਂ ਅਤੇ ਪੰਚਾਇਤੀ ਜਮੀਨ ਦੀਆਂ ਰਜਿਸਟਰਿਆਂ ਬੀਡੀਓ ਨੂੰ ਭੇਜੀਆਂ ਜਾਣ। ਉਨਾਂ ਦੱਸਿਆ ਕਿ ਬਾਅਦ ਵਿੱਚ ਸਰਕਾਰੀ ਅਧਿਕਾਰੀਆਂ ਵੱਲੋਂ ਪਿੰਡ ਦੇ ਲਾਭ ਪਾਤਰੀਆਂ ਦੀ ਪੜਤਾਲ ਕੀਤੀ ਜਾਵੇਗੀ। ਉਨਾਂ ਪਿੰਡ ਵਾਸੀਆਂ ਨੂੰ ਵਿਸਵਾਸ ਦਵਇਆ ਕਿ ਪਿੰਡ ਦੇ ਮੂਲ ਵਾਸੀਆਂ ਨੂੰ ਹੀ ਇਸ ਸਕੀਮ ਦਾ ਲਾਭ ਮਿਲ ਸਕੇਗਾ।

17 September 2021

ਖਾੜਕੂ ਸਿੰਘ ਮੋਹਾਲੀ ਅਦਾਲਤ ਅੰਦਰ ਹੋਏ ਪੇਸ਼

17th September 2021 at 08:15 PM

  ਰਮਨਦੀਪ ਸੰਨੀ, ਪਰਮਿੰਦਰ ਹੈਰੀ ਅਤੇ ਹੋਰ ਨਿਜੀ ਤੌਰ ਤੇ ਪੇਸ਼ ਹੋਏ 

ਨਵੀਂ ਦਿੱਲੀ: 17 ਸਤੰਬਰ 2021: (ਮਨਪ੍ਰੀਤ ਸਿੰਘ ਖਾਲਸਾ//ਮੋਹਾਲੀ ਸਕਰੀਨ):

ਖਾੜਕੂਆਂ ਦੀਆਂ ਪੇਸ਼ੀਆਂ ਅਤੇ ਅਦਾਲਤਾਂ ਦੀਆਂ ਡਿਊਟੀਆਂ ਜਾਰੀ ਹਨ। ਜਿਹਨਾਂ ਦੀ ਤਸਵੀਰ ਦੇਖ ਰਹੇ ਹੋ ਇਹ ਵੀ ਕਾਂਗਰਸ ਨੇਤਾ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਅਤੇ ਇੱਕ ਸ਼ਿਵਸੈਨਾ ਨੇਤਾ ਨੂੰ ਮਾਰਨ ਦੀ ਫੇਸਬੁੱਕ ਤੇ ਸਾਜ਼ਿਸ਼ ਘੜਨ ਦਾ ਬੱਬਰ ਖਾਲਸਾ ਦੇ ਕਾਰਕੁਨ ਦਸ ਕੇ ਫੜੇ ਗਏ, ਤੇ ਹੁਣ ਜਮਾਨਤ ਤੇ ਚਲ ਰਹੇ ਰਮਨਦੀਪ ਸਿੰਘ ਸੰਨੀ, ਪਰਮਿੰਦਰ ਸਿੰਘ ਹੈਰੀ, ਹਰਬਰਿੰਦਰ ਸਿੰਘ, ਜਰਨੈਲ ਸਿੰਘ, ਅੰਮ੍ਰਿਤਪਾਲ ਕੌਰ, ਸਤਨਾਮ ਸਿੰਘ, ਤਰਸੇਮ ਸਿੰਘ ਮੋਹਾਲੀ ਵਿਖੇ ਸੰਦੀਪ ਕੁਮਾਰ ਬਾਂਸਲ ਦੀ ਅਦਾਲਤ ਅੰਦਰ ਨਿਜੀ ਤੋਰ ਤੇ ਪੇਸ਼ ਹੋਏ ਤੇ ਰਣਦੀਪ ਸਿੰਘ ਨੇ ਅਦਾਲਤ ਅੰਦਰ ਪੇਸ਼ ਹੋਣ ਦੀ ਛੁੱਟੀ ਲਈ ਹੋਈ ਸੀ, ਗੌਰਵ ਕੁਮਾਰ ਗੈਰਹਾਜ਼ਰ ਸੀ। 
ਇਸੇ ਮਾਮਲੇ ਵਿਚ ਨਾਮਜਦ ਸੁਖਪ੍ਰੀਤ ਸਿੰਘ ਦੀ ਨਾਭਾ ਜੇਲ੍ਹ ਅੰਦਰ ਮੌਤ ਹੋ ਗਈ ਸੀ । ਅਜ ਚਲੇ ਮਾਮਲੇ ਵਿਚ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਹੋਈ ਤੇ ਪੇਸ਼ ਹੋਏ ਨਾਮਜਦ ਖੱਜਲ ਖੁਆਰ ਹੁੰਦੇ ਵਾਪਿਸ ਮੁੜ ਗਏ। ਇਸ ਤਰ੍ਹਾਂ ਕਈ ਵਾਰ ਹੁੰਦਾ ਹੈ। 
ਇਹਨਾਂ ਸਿੰਘਾਂ ਵਲੋਂ ਅਦਾਲਤ ਅੰਦਰ ਸਰਬਜੀਤ ਸਿੰਘ ਅਤੇ ਸਿਮਰਨਜੀਤ ਸਿੰਘ ਦੇ ਸਹਾਇਕ ਵਕੀਲ ਪੇਸ਼ ਹੋਏ ਸਨ। ਜਿਕਰਯੋਗ ਹੈ ਕਿ ਮਾਮਲੇ ਵਿਚ ਨਾਮਜ਼ਦ ਰਮਨਦੀਪ ਸੰਨੀ ਅਤੇ ਪਰਮਿੰਦਰ ਹੈਰੀ ਨੂੰ ਬਠਿੰਡਾ ਪੁਲਿਸ ਨੇ ਰੁਟੀਨ ਹਾਜ਼ਿਰੀ ਲਈ ਠਾਣੇ ਸੱਦਿਆ ਸੀ ਤੇ ਓਥੋਂ ਦੀ ਇਨ੍ਹਾਂ ਨੂੰ ਮੋਹਾਲੀ ਪੁਲਿਸ ਨੂੰ ਸੋਂਪ ਦਿਤਾ ਗਿਆ ਸੀ। ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 5 ਅਕਤੂਬਰ ਨੂੰ ਹੋਵੇਗੀ। 

ਪੰਜਾਬ ਰਾਜ, ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਮਿਲੀ ਸ਼ਿਕਾਇਤ

17th September 2021 at 07:01 PM
 ਸ਼ਿਕਾਇਤ ਦੇ ਮੱਦੇਨਜ਼ਰ ਕੀਤਾ ਰਸੂਲਪੁਰ ਵਿਖੇ ਵਿਸ਼ੇਸ਼ ਦੌਰਾ 
>  ਐਸ.ਐਚ.ਓ.ਨੂੰ ਐਟਰੋਸਿਟੀ ਐਕਟ ਅਧੀਨ ਕਾਰਵਾਈ ਕਰਨ ਦੇ ਹੁਕਮ
>  ਕਿਹਾ, ਐਸ.ਆਈ.ਟੀ ਰਿਪੋਰਟ 24 ਸਤੰਬਰ ਤੱਕ ਕਰੇ ਪੇਸ਼ 

ਐਸ.ਏ.ਐਸ. ਨਗਰ
: 17 ਸਤੰਬਰ 2021: (ਮੋਹਾਲੀ ਸਕਰੀਨ ਬਿਊਰੋ)::
ਮੈਂਬਰਜ਼, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸਰਪੰਚ, ਗ੍ਰਾਮ ਪੰਚਾਇਤ, ਪਿੰਡ ਰਸੂਲਪੁਰ, ਬਲਾਕ ਮਾਜਰੀ, ਜਿਲਾ ਐਸ.ਏ.ਐਸ ਨਗਰ ਵਿਖੇ ਮਿਲੀ ਸ਼ਿਕਾਇਤ ਦੇ ਮੱਦੇਨਜ਼ਰ ਦੌਰਾ ਕੀਤਾ ਗਿਆ ।  ਇਸ ਮੌਕੇ ਮੈਂਬਰਜ਼ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸ਼੍ਰੀ ਰਾਜ ਕੁਮਾਰ ਹੰਸ ਅਤੇ ਸ਼੍ਰੀ ਨਵਪ੍ਰੀਤ ਸਿੰਘ ਵੱਲੋਂ ਮਿਲੀ ਸ਼ਿਕਾਇਤ ਦੇ ਸਬੰਧ ਵਿੱਚ ਸਰਪੰਚ ਗ੍ਰਾਮ ਪੰਚਾਇਤ, ਪਿੰਡ ਰਸੂਲਪੁਰ ਅਤੇ ਉੱਥੇ ਮੌਜੂਦ ਅਨੁਸੂਚਿਤ ਜਾਤੀ ਦੇ ਵਿਅਕਤੀਆਂ ਕੋਲੋਂ ਸਾਰੀ ਸਥਿਤੀ ਬਾਰੇ ਜਾਣਕਾਰੀ ਲਈ ਗਈ ।  ਇਸ ਦੌਰਾਨ ਪਿੰਡ ਵਾਸੀਆਂ ਨੇ ਅਨੂਸੂਚਿਤ ਜਾਤੀ ਲਈ ਰਾਖਵੀਂ ਰੱਖੀ ਗਈ ਸ਼ਮਸ਼ਾਨ ਘਾਟ ਅਤੇ ਹੱਡਾਰੋੜੀ ਜ਼ਮੀਨ ਦਾ ਤਬਾਦਲਾ ਨਦੀਂ ਵਿਚਲੀ ਬੇਕਾਰ ਜ਼ਮੀਨ ਨਾਲ ਕਰਨ ਬਾਰੇ ਮੈਂਬਰਜ਼ ਨੂੰ ਜਾਣੂ ਕਰਵਾਇਆ । ਇਸ ਉਪਰੰਤ ਮੈਂਬਰਜ਼ ਵੱਲੋਂ ਇੱਕ ਐਸ.ਆਈ.ਟੀ (SIT) ਬਣਾਉਣ ਦਾ ਫੈਸਲਾ ਕੀਤਾ ਗਿਆ । 
ਮੈਬਰਜ਼, ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਦੱਸਿਆ ਗਿਆ ਕਿ ਇਸ ਐਸ.ਆਈ.ਟੀ. ਅਨੁਸਾਰ ਬੀ.ਡੀ.ਪੀ.ਓ ਮਾਜਰੀ ਅਤੇ ਤਹਿਸੀਲਦਾਰ ਖਰੜ ਨੂੰ ਇਸ ਦੀ ਜਾਂਚ ਕਰਕੇ ਰਿਪੋਰਟ ਡਿਪਟੀ ਕਮਿਸਨਰ ਰਾਹੀਂ ਕਮਿਸ਼ਨ ਨੂੰ ਮਿਤੀ 24 ਸਤੰਬਰ 2021 ਸਵੇਰੇ 11.00 ਵਜੇ ਤੱਕ ਦੇਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਟੋਭੇ ਨੂੰ ਨਜ਼ਾਇਜ ਤੌਰ ਤੇ ਭਰਨ ਸਬੰਧੀ ਮੌਕੇ ਤੇ ਬੀ.ਡੀ.ਪੀ.ਓ ਵੱਲੋਂ ਕਮਿਸ਼ਨ ਨੂੰ ਰਿਪੋਰਟ ਦਿੱਤੀ ਗਈ । ਜਿਸ ਤੇ ਮੈਂਬਰ, ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਮੁੱਲਾਪੁਰ ਗਰੀਬਦਾਸ ਦੇ ਐਸ.ਐਚ.ਓ.ਨੂੰ ਐਟਰੋਸਿਟੀ ਐਕਟ ਅਧੀਨ ਕਾਰਵਾਈ ਕਰਨ ਦੇ ਹੁਕਮ ਦਿੱਤੇ । ਜਨਰਲ ਵਰਗ ਦੇ ਕੁੱਝ ਬੰਦਿਆਂ ਵੱਲੋਂ ਸਰਪੰਚ ਸਵਰਨਜੀਤ ਕੌਰ ਆਦਿ ਨੂੰ ਜਾਤੀਸੂਚਕ ਅਪਸ਼ਬਦ ਕਹਿਣ ਬਾਰੇ ਐਸ.ਐਚ.ਓ. ਮੁੱਲਾਂਪੁਰ ਗਰੀਬਦਾਸ ਨੂੰ ਬਿਆਨ ਲੈ ਕੇ ਐਟਰੋਸਿਟੀ ਐਕਟ ਤਹਿਤ ਮੁੱਕਦਮਾ ਦਰਜ ਕਰਨ ਲਈ ਕਿਹਾ ਗਿਆ। 
ਇਸ ਦੌਰੇ ਸਮੇਂ ਅਕਾਸ਼ ਬਾਂਸਲ, ਉਪ-ਮੰਡਲ ਮੈਜਿਸਟਰੇਟ,ਖਰੜ, ਰਵਿੰਦਰ ਪਾਲ ਸਿੰਘ ਸੰਧੂ, ਜਿਲਾ ਭਲਾਈ ਅਫਸਰ, ਜਸਪ੍ਰੀਤ ਕੌਰ, ਬੀ.ਡੀ.ਪੀ.ਓ ਮਾਜਰੀ, ਤਹਿਸੀਲਦਾਰ ਵਿਵੇਕ ਨਿਰਮੋਹੀ, ਸਤਿੰਦਰ ਸਿੰਘ  ਐਸ.ਐਚ.ਓ ਮੁੱਲਾਪੁਰ ਗਰੀਬਦਾਸ, ਮੌਕੇ ਤੇ ਹਾਜ਼ਰ ਸਨ।

 ਇਹ ਵੀ ਜ਼ਰੂਰ ਪੜ੍ਹੋ:










ਮੋਹਾਲੀ ਦੇ ਸਰਕਾਰੀ ਕਾਲਜ ਵਿੱਚ ਲੱਗਿਆ ਨੌਕਰੀ ਮੇਲਾ

 17th September 2021 at 05:46 PM

ਘਰ ਘਰ ਰੋਜ਼ਗਾਰ ਮਿਸ਼ਨ ਲਈ 7ਵੇਂ ਮੈਗਾ ਨੌਕਰੀ ਮੇਲਿਆਂ ਦੇ ਤਹਿਤ ਖਾਸ ਆਯੋਜਨ 


ਐਸ.ਏ.ਐਸ. ਨਗਰ
: 17 ਸਤੰਬਰ 2021: (ਕਾਰਤਿਕਾ ਸਿੰਘ//ਮੋਹਾਲੀ ਸਕਰੀਨ)::

ਜ਼ਿੰਦਗੀ ਚਲਾਉਣ ਲਈ ਜੋ ਜੋ ਕੁਝ ਵੀ ਮੁਢਲੇ ਤੌਰ ਤੇ ਚਾਹੀਦਾ ਹੁੰਦਾ ਹੈ ਉਸ ਲਈ ਰੋਜ਼ਗਾਰ ਸਭ ਤੋਂ ਪਹਿਲਾਂ ਆਉਂਦਾ ਹੈ। ਬੇਰੋਜ਼ਗਾਰੀ ਵਿੱਚ ਤਾਂ ਸਾਰੇ ਸੁਪਨੇ ਮਾਰੇ ਜਾਂਦੇ ਹਨ ਅਤੇ ਸਾਰੇ ਨਿਸ਼ਾਨੇ ਅਧੂਰੇ ਰਹਿ ਜਾਂਦੇ ਹਨ। ਪੰਜਾਬ ਸਰਕਾਰ ਇਹਨਾਂ ਹਕੀਕਤਾਂ ਨੂੰ ਧਿਆਨ ਵਿੱਚ ਰੱਖਦਿਆਂ ਰੋਜ਼ਗਾਰ ਨੂੰ ਪਹਿਲ ਵਾਲੀ ਸੂਚੀ ਵਿਚ ਰੱਖ ਰਹੀ ਹੈ। ਪੰਜਾਬ ਸਰਕਾਰ ਦੇ 'ਘਰ -ਘਰ ਰੋਜ਼ਗਾਰ ਮਿਸ਼ਨ' ਦੇ ਪ੍ਰਮੁੱਖ ਪ੍ਰੋਗਰਾਮ ਤਹਿਤ, ਸਰਕਾਰੀ ਕਾਲਜ ਫੇਜ਼ 6 ਐਸ.ਏ.ਐਸ. ਨਗਰ ਵਿਖੇ 7 ਵੇਂ ਮੈਗਾ ਨੌਕਰੀ ਮੇਲਿਆਂ ਦੇ ਤਹਿਤ ਸਮਾਪਤੀ ਅਤੇ ਚੌਥੀ ਨੌਕਰੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਨੌਜਵਾਨਾਂ ਦਾ ਜੋਸ਼ੋ ਖਰੋਸ਼ ਅਤੇ ਉਤਸ਼ਾਹ ਦੇਖਣ ਵਾਲਾ ਸੀ। 

ਨੌਜਵਾਨ ਵਰਗ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਸੀ। ਇਸ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਭਵਿੱਖ ਦਾ ਇਤਿਹਾਸ ਰਚਨਾ ਸੀ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਵਿ)  ਡਾ.ਹਿਮਾਂਸ਼ੂ ਅਗਰਵਾਲ ਆਈ.ਏ.ਐਸ ਨੇ ਮੇਲੇ ਦਾ ਉਦਘਾਟਨ ਕੀਤਾ। ਸ਼੍ਰੀ ਹਰਬੰਸ ਸਿੰਘ ਐਸਡੀਐਮ ਨੇ ਵੀ ਇਸ ਰੁਜ਼ਗਾਰ ਮੇਲੇ ਵਿੱਚ ਸ਼ਿਰਕਤ ਕੀਤੀ।  

ਇਸ ਯਾਦਗਾਰੀ ਨੌਕਰੀ ਮੇਲੇ ਵਿੱਚ 1000 ਤੋਂ ਵੱਧ ਉਮੀਦਵਾਰਾਂ ਨੇ ਭਾਗ ਲਿਆ। ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਨਗਰ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਇਨ੍ਹਾਂ ਰੁਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਰੁਜ਼ਗਾਰ ਪ੍ਰਾਪਤ ਕਰ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਕਾਬਿਲ ਬਣਨ। 

ਰੁਜ਼ਗਾਰ ਮੇਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕਰਦੇ ਹੋਏ ਡਿਪਟੀ ਡਾਇਰੈਕਟਰ, ਸ਼੍ਰੀਮਤੀ. ਮੀਨਾਕਸ਼ੀ ਗੋਇਲ ਨੇ ਦੱਸਿਆ ਕਿ ਹੋਰ ਕੰਪਨੀਆਂ ਤੋਂ ਇਲਾਵਾ, ਪ੍ਰਮੁੱਖ ਕੰਪਨੀਆਂ ਜਿਵੇਂ ਕਿ ਰਿਲਾਇੰਸ, ਐਚਡੀਐਫਸੀ, ਟਾਟਾ ਏਆਈਜੀ, ਪੂਮਾ ਸੋਰਸ, ਕੋਟਕ ਮਹਿੰਦਰਾ, ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ, ਪੁਖਰਾਜ, ਜ਼ੋਮੈਟੋ, ਐਚਸੀਐਲ, ਆਦਿ ਨੇ ਮੌਜੂਦਾ ਰੁਜ਼ਗਾਰ ਮੇਲੇ ਵਿੱਚ ਹਿੱਸਾ ਲਿਆ ਅਤੇ ਵੱਖ ਵੱਖ ਉਮੀਦਵਾਰਾਂ ਨੂੰ 734 ਨੌਕਰੀਆਂ ਪ੍ਰਦਾਨ ਕੀਤੀਆਂ। ਇਸਦੇ ਨਾਲ ਹੀ 41  ਹੁਨਰਮੰਦ ਸਿਖਲਾਈ  ਅਤੇ 52 ਸਵੈ ਰੁਜ਼ਗਾਰ ਉਮੀਦਵਾਰਾਂ ਨੂੰ ਵੀ ਚੁਣਿਆ ਗਿਆ।          

ਨੌਕਰੀਆਂ ਦੇਣ ਵਾਲੇ ਸੁਨਹਿਰੀ ਮੌਕੇ ਪ੍ਰਦਾਨ ਕਰਨ ਵਾਲੇ ਇਸ ਮੌਜੂਦਾ ਰੁਜ਼ਗਾਰ ਮੇਲੇ ਦੀ ਸਫਲਤਾ ਲਈ ਪ੍ਰਿੰਸੀਪਲ ਸ਼੍ਰੀਮਤੀ ਜਤਿੰਦਰ ਕੌਰ  ਨੇ ਵਿਦਿਆਰਥੀਆਂ/ਉਮੀਦਵਾਰਾਂ ਦੇ ਪ੍ਰਬੰਧਾਂ ਅਤੇ ਲਾਮਬੰਦੀ ਦੇ ਨਾਲ ਪੂਰੇ ਯਤਨ ਕੀਤੇ। ਨੌਕਰੀ ਮੇਲੇ ਦੇ ਸਮਾਗਮ ਨੂੰ ਸਫਲ ਬਣਾਉਣ ਲਈ ਵਿਦਿਆਰਥੀਆਂ ਦੀ ਲਾਮਬੰਦੀ ਲਈ GoG ਅਤੇ VLE ਨੇ ਮਹੱਤਵਪੂਰਨ ਭੂਮਿਕਾ ਨਿਭਾਈ। 

ਅੱਜ ਦੇ ਇਸ ਸਮਾਗਮ/ਪ੍ਰਦਰਸ਼ਨੀ ਦੌਰਾਨ, ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੁਆਰਾ ਆਪਣੇ ਲਈ ਰੁਜ਼ਗਾਰ ਲਈ ਸਕੀਮਾਂ ਚਲਾਉਣ ਦਾ ਵੀ ਆਯੋਜਨ ਕੀਤਾ ਗਿਆ। ਵਿਭਾਗਾਂ ਨੇ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਵਿਭਾਗਾਂ ਦੁਆਰਾ ਚਲਾਈਆਂ ਗਈਆਂ ਸਕੀਮਾਂ ਸੰਬੰਧੀ ਸਾਹਿਤ ਅਤੇ ਬਰੋਸ਼ਰ ਪ੍ਰਦਰਸ਼ਿਤ ਕਰਨ ਲਈ ਵੀ  ਪ੍ਰੇਰਿਤ ਕੀਤਾ। ਸ਼੍ਰੀਮਤੀ ਰਸ਼ਮੀ ਪ੍ਰਭਾਕਰ, ਸ਼੍ਰੀ ਘਣਸ਼ਾਮ ਸਿੰਘ ਭੁੱਲਰ, ਡਿਪਟੀ ਸੀਈਓ, ਸ਼੍ਰੀ ਮੰਜੇਸ਼ ਸ਼ਰਮਾ, ਰੁਜ਼ਗਾਰ ਅਫਸਰ, ਸ਼੍ਰੀ ਹਰਪ੍ਰੀਤ ਸਿਧੂ ਵੀ ਹੋਰ ਅਧਿਕਾਰੀਆਂ ਦੇ ਨਾਲ ਮੌਜੂਦ ਸਨ। ਕੁਲ ਮਿਲਾ ਕੇ ਇਹ ਇੱਕ ਅਜਿਹਾ ਮੌਕਾ ਸੀ ਜਿਸਨੇ ਕਈਆਂ ਦੇ ਘਰ ਅੱਜ ਦੇ ਦਿਨ ਰੋਜ਼ਗਾਰ ਵਾਲੀ ਖੁਸ਼ਖਬਰੀ ਪਹੁੰਚਾਈ। 

ਇਹ ਵੀ ਜ਼ਰੂਰ ਪੜ੍ਹੋ:










16 September 2021

ਪੰਜਾਬ ਵਿੱਚ ਸਿਹਤ ਢਾਂਚੇ ਵਿੱਚ ਵਿਆਪਕ ਤਬਦੀਲੀ ਆਈ: ਸਿੱਧੂ

 16th September 2021 at  04:05 PM

ਪਿੰਡ ਪੱਤੋਂ ਵਿੱਚ ਫਿਰਨੀ ਦਾ ਨੀਂਹ ਪੱਥਰ ਰੱਖਿਆ ਤੇ ਗਰਾਂਟ ਦਾ ਚੈੱਕ ਸੌਂਪਿਆ


ਐਸ.ਏ.ਐਸ. ਨਗਰ (ਮੋਹਾਲੀ):: 15 ਸਤੰਬਰ 2021: (ਮੋਹਾਲੀ ਸਕਰੀਨ ਬਿਊਰੋ)::
ਪੰਜਾਬ ਦੇ ਸਿਹਤ ਸੰਭਾਲ ਢਾਂਚੇ ਨੂੰ ਵਿਕਸਿਤ ਮੁਲਕਾਂ ਦੇ ਹਾਣ ਦਾ ਗਰਦਾਨਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਜਦੋਂ ਤੋਂ ਉਨ੍ਹਾਂ ਇਹ ਮਹਿਕਮਾ ਸੰਭਾਲਿਆ ਹੈ, ਉਦੋਂ ਤੋਂ ਇਸ ਵਿੱਚ ਵਿਆਪਕ ਤੇ ਕ੍ਰਾਂਤੀਕਾਰੀ ਸੁਧਾਰ ਲਿਆਂਦੇ ਗਏ ਹਨ।
ਮੁਹਾਲੀ ਹਲਕੇ ਦੇ ਪਿੰਡ ਪੱਤੋਂ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਨਾਲ ਸਿਰਫ਼ ਪੰਜਾਬ ਹੀ ਪੂਰੇ ਦੇਸ਼ ਵਿੱਚੋਂ ਵਧੀਆ ਤਰੀਕੇ ਨਾਲ ਸਿੱਝ ਸਕਿਆ, ਜਿਸ ਦੀ ਸਾਰੀ ਦੁਨੀਆ ਗਵਾਹ ਹੈ। ਪੰਜਾਬ ਵਿੱਚ ਕਿਤੇ ਵੀ ਆਕਸੀਜਨ ਦਾ ਕੋਈ ਸੰਕਟ ਨਹੀਂ ਆਇਆ, ਸਗੋਂ ਦੇਸ਼ ਦੇ ਹੋਰ ਸੂਬਿਆਂ ਦੇ ਮਰੀਜ਼ਾਂ ਨੂੰ ਪੰਜਾਬ ਆ ਕੇ ਆਪਣਾ ਇਲਾਜ ਕਰਵਾਉਣਾ ਪਿਆ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਸਪਲਾਈ ਨੂੰ ਹੋਰ ਮਜ਼ਬੂਤ ਕਰਨ ਲਈ ਹਸਪਤਾਲਾਂ ਵਿੱਚ ਪੀ.ਐਸ.ਏ ਪਲਾਂਟ ਲਾਏ ਜਾ ਰਹੇ ਹਨ ਤਾਂ ਕਿ ਜੇ ਭਵਿੱਖ ਵੀ ਲੋੜ ਪੈਂਦੀ ਹੈ ਤਾਂ ਇਸ ਕਮੀ ਨਾਲ ਨਜਿੱਠਿਆ ਜਾ ਸਕੇ।
ਇਸ ਮੌਕੇ ਉਨ੍ਹਾਂ ਪਿੰਡ ਪੱਤੋਂ ਵਿੱਚ ਫਿਰਨੀ ਦਾ ਨੀਂਹ ਪੱਥਰ ਰੱਖਿਆ ਅਤੇ ਫਿਰਨੀ ਲਈ 32 ਲੱਖ ਰੁਪਏ ਦੀ ਗਰਾਂਟ ਦਿੱਤੀ। ਉਨ੍ਹਾਂ ਪਿੰਡ ਵਿੱਚ ਵਾਲਮੀਕ ਭਵਨ ਦੀ ਉਸਾਰੀ ਲਈ ਵੀ 17.50 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ। ਇਸ ਦੌਰਾਨ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਰਪੰਚ ਰੁਪਿੰਦਰ ਕੌਰ, ਸਾਬਕਾ ਸਰਪੰਚ ਕੁਲਵੰਤ ਸਿੰਘ, ਲਖਮੀਰ ਸਿੰਘ ਕਾਲਾ, ਹਰਵਿੰਦਰ ਸਿੰਘ ਬਿੱਲਾ, ਹਰਿੰਦਰ ਜਗੀਰਦਾਰ, ਬਲਬੀਰ ਸਿੰਘ, ਬਿੱਟੂ ਸਿੰਘ, ਜਸਵੀਰ ਸਿੰਘ ਸੇਵਾਮੁਕਤ ਜੱਜ, ਮੁਖਤਿਆਰ ਸਿੰਘ ਸਾਬਕਾ ਐਸ.ਡੀ.ਓ., ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਜਸਵਿੰਦਰ ਕੌਰ ਅਤੇ ਲੇਬਰਫੈੱਡ ਪੰਜਾਬ ਦੇ ਵਾਈਸ ਚੇਅਰਮੈਨ ਠੇਕੇਦਾਰ ਮੋਹਨ ਸਿੰਘ ਬਠਲਾਣਾ ਹਾਜ਼ਰ ਸਨ।

ਇਹ ਵੀ ਜ਼ਰੂਰ ਪੜ੍ਹੋ:










15 September 2021

ਖ਼ੂਨਦਾਨ ਮਹਾਂਦਾਨ, ਵੱਧ ਤੋਂ ਵੱਧ ਲੋਕ ਹਿੱਸਾ ਪਾਉਣ: ਮਨੀਸ਼ ਤਿਵਾੜੀ

 15th September 2021 at  03:43 PM

 ਖੂਨਦਾਨ ਮਹਾਂਦਾਨ, ਵੱਧ ਤੋਂ ਵੱਧ ਲੋਕ ਹਿੱਸਾ ਪਾਉਣ: ਮਨੀਸ਼ ਤਿਵਾੜੀ  


ਮੋਹਾਲੀ
: 15 ਸਤੰਬਰ 2021: (ਮੋਹਾਲੀ ਸਕਰੀਨ ਬਿਊਰੋ)::
ਖ਼ੂਨਦਾਨ ਮਹਾਂਦਾਨ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਰਾਜੇਸ਼ ਪਾਇਲਟ ਮੈਮੋਰੀਅਲ ਗੁੱਜਰ ਭਵਨ ਕੰਪਲੈਕਸ ਵਿਖੇ ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਵੱਲੋਂ ਆਯੋਜਿਤ ਖੂਨਦਾਨ ਕੈਂਪ ਦੌਰਾਨ ਕੀਤਾ ਗਿਆ। ਇਹ ਕੈਂਪ ਸੰਸਥਾ ਵੱਲੋਂ ਆਪਣੇ ਸਾਬਕਾ ਪ੍ਰਧਾਨ ਸਵਰਗਵਾਸੀ ਅਮਰੀਕ ਸਿੰਘ ਦੀ ਯਾਦ ਵਿੱਚ ਲਗਾਇਆ ਜਾਂਦਾ ਹੈ।  
ਇਸ ਮੌਕੇ ਐਮ ਪੀ ਤਿਵਾੜੀ ਨੇ ਕਿਹਾ ਕਿ ਖ਼ੂਨਦਾਨ ਇਨਸਾਨੀਅਤ ਦੀਆਂ ਸਭ ਤੋਂ ਵੱਡੀਆਂ ਸੇਵਾਵਾਂ ਵਿੱਚੋਂ ਇੱਕ ਹੈ ਅਤੇ ਇਹ ਇੱਕ ਮਹਾਦਾਨ ਹੈ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਸੰਸਥਾ ਵਲੋਂ ਬੀਤੇ ਕਰੀਬ 21 ਸਾਲਾਂ ਤੋਂ ਲਗਾਤਾਰ ਕੀਤੇ ਜਾ ਰਹੇ ਇਸ ਆਯੋਜਨ ਦੀ ਸ਼ਲਾਘਾ ਕੀਤੀ। ਜਿਨ੍ਹਾਂ ਵੱਲੋਂ ਕੋਰੋਨਾ ਮਹਾਂਮਾਰੀ ਦੇ ਦੌਰ ਦੌਰਾਨ ਵੀ ਆਪਣਾ ਫ਼ਰਜ਼ ਨਿਭਾਇਆ ਜਾ ਰਿਹਾ ਹੈ।
ਇਸ ਕੈਂਪ ਦਾ ਆਯੋਜਨ ਪੀਜੀਆਈ ਦੇ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਕੀਤਾ ਗਿਆ। ਜਿੱਥੇ ਹੋਰਨਾਂ ਤੋਂ ਇਲਾਵਾ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਹਰਿਆਣਾ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਮਨਵੀਰ ਸਿੰਘ ਭਡਾਨਾ, ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਦੇ ਪ੍ਰਧਾਨ ਸੰਤ ਰਾਮ ਮੀਲੂ, ਮੀਤ ਪ੍ਰਧਾਨ ਕੇਐਲ ਵਰਮਾ, ਹਰਿਕ੍ਰਿਸ਼ਨ ਚੇਚੀ, ਭਜਨ ਸਿੰਘ, ਸੁਰਜੀਤ ਮੀਲੂ, ਕਰਮ ਚੰਦ, ਹਿਤੇਂਦਰ ਚੇਚੀ, ਪੂਰਨ ਚੰਦ, ਲਾਲ ਚੰਦ, ਕਮਲਜੀਤ ਕੌਰ, ਬੀਆਰ ਚੌਹਾਨ ਅਤੇ ਜਨਰਲ ਸਕੱਤਰ ਨਰਿੰਦਰ ਮੀਲੂ ਵੀ ਮੌਜੂਦ ਰਹੇ।


ਸਨਅਤਕਾਰਾਂ ਤੇ ਰੇਕ ਬੇਲਰ ਦੇ ਸਟੇਟ ਹੋਲਡਰਾਂ ਨਾਲ ਮੀਟਿੰਗ

15th September 2021 at  03:35 PM

ਮੀਟਿੰਗ ਕੀਤੀ ਗਈ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ 

ਐਸ.ਏ.ਐਸ. ਨਗਰ: 15 ਸਤੰਬਰ 2021: (ਮੋਹਾਲੀ ਸਕਰੀਨ ਬਿਊਰੋ)::
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਿਮਾਂਸ਼ੂ ਅਗਰਵਾਲ ਦੀ ਯੋਗ ਅਗਵਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਐਸ.ਏ.ਐਸ. ਨਗਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਸਨਅਤਕਾਰਾਂ ਅਤੇ ਰੇਕ ਬੇਲਰ ਦੇ ਸਟੇਟ ਹੋਲਡਰਾਂ ਦੀ ਮੀਟਿੰਗ ਹੋਈ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕਰਾਪ ਰੈਸੇਡਿਊ ਮੈਨੇਜਮੈਂਟ ਸਕੀਮ ਤਹਿਤ ਪਿਛਲੇ ਸਾਲਾਂ ਦੌਰਾਨ 5 ਰੇਕਰ ਅਤੇ ਬੇਲਰ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਕਿਸਾਨ ਗਰੁੱਪਾਂ ਨੂੰ ਦਿੱਤੇ ਗਏ ਸਨ। ਇਨ੍ਹਾਂ ਗਰੁੱਪ ਮੈਂਬਰਾਂ ਨੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਪਿਛਲੇ ਸਾਲ ਪਰਾਲੀ ਦੀਆਂ ਗੱਠਾਂ 135 ਰੁਪਏ ਪ੍ਰਤੀ ਕੁਇੰਟਲ ਵਾਈ.ਸੀ.ਟੀ. ਕੰਪਨੀ ਵੱਲੋਂ ਲਈਆਂ ਗਈਆਂ ਸਨ। ਕਿਸਾਨਾਂ ਨੇ ਦੱਸਿਆ ਕਿ ਪਰਾਲੀ ਦੀਆਂ ਇਕ ਗੱਠ ਦੀ ਇਸ ਸਮੇਂ 2.25 ਪੈਸੇ ਦੀ ਦਰ ਨਾਲ ਵਿਕਰੀ ਹੋ ਰਹੀ ਹੈ। ਇਸ ਲਈ ਉਨ੍ਹਾਂ ਨੂੰ 135 ਰੁਪਏ ਤੋਂ ਵਧਾ ਕੇ 200 ਰੁਪਏ ਪ੍ਰਤੀ ਕੁਇੰਟਲ ਭਾਅ ਦਿੱਤਾ ਜਾਵੇ ਕਿਉਂਕਿ ਡੀਜ਼ਲ, ਲੇਬਰ ਅਤੇ ਧਾਗੇ ਦੀਆਂ ਕੀਮਤਾਂ ਵਿੱਚ ਕਾਫ਼ੀ ਉਛਾਲ ਆ ਗਿਆ ਹੈ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਸਰਕਾਰ ਪੱਧਰ ਉਤੇ 100 ਰੁਪਏ ਪ੍ਰਤੀ ਕੁਇੰਟਲ ਝਾੜ ਪਿੱਛੇ ਬੋਨਸ ਦਿੱਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਰਹਿੰਦ-ਖੂੰਹਦ ਦੀਆਂ ਗੱਠਾਂ ਬਣਾ ਕੇ ਵਿਕਰੀ ਕਰਨ ਜਾਂ ਜ਼ਮੀਨ ਵਿੱਚ ਹੀ ਰਲਾ ਦੇਣ।
ਇਸ ਮੌਕੇ ਵਾਈ.ਸੀ.ਟੀ. ਕੰਪਨੀ ਦੇ ਨੁਮਾਇੰਦੇ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਰੇਕਰ ਬੇਲਰ ਹੈ ਅਤੇ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਬੇਲਰ ਗਰੁੱਪ ਤੋਂ ਉਹ ਪਰਾਲੀ ਲੈਣ ਲਈ ਵਚਨਬੱਧ ਹਨ ਪਰ ਇਸ ਤੋਂ ਇਲਾਵਾ ਉਨ੍ਹਾਂ ਨੂੰ ਵੀ ਸਬਸਿਡੀ ਉਤੇ ਸਰਕਾਰ ਰੇਕਰ ਤੇ ਬੇਲਰ ਮੁਹੱਈਆ ਕਰੇ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਇਸ ਸਮੇਂ 567 ਮਸ਼ੀਨਾਂ ਸਬਸਿਡੀ ਤੇ ਕਰੋਪ ਰੈਸੇਡਿਊ ਮੈਨੇਜਮੈਂਟ ਤਹਿਤ ਦਿੱਤੀਆਂ ਗਈਆਂ ਹਨ, ਜਿਸ ਵਿੱਚ 303 ਮਸ਼ੀਨਾਂ ਸਹਿਕਾਰੀ ਸਭਾਵਾਂ ਅਤੇ 84 ਮਸ਼ੀਨਾਂ 29 ਕਿਸਾਨ ਗਰੁੱਪਾਂ ਕੋਲ ਉਪਲਬਧ ਹਨ। ਇਸ ਤੋਂ ਇਲਾਵਾ ਇਕ ਮਸ਼ੀਨ ਗ੍ਰਾਮ ਪੰਚਾਇਤ ਮਦਨਹੇੜੀ ਕੋਲ ਅਤੇ 179 ਮਸ਼ੀਨਾਂ ਵਿਅਕਤੀਗਤ ਤੌਰ ਉਤੇ ਕਿਸਾਨਾਂ ਕੋਲ ਉਪਲਬਧ ਹਨ। ਇਨ੍ਹਾਂ ਸਾਰੀਆਂ ਮਸ਼ੀਨਾਂ ਬਾਰੇ ਡੇਟਾ ਆਈ.ਖੇਤ ਐਪ ਉਤੇ ਅਪਲੋਡ ਕਰ ਦਿੱਤਾ ਗਿਆ ਹੈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਸ਼ੀਨਰੀ ਦੀ ਕਿਰਾਏ ਉਤੇ ਵਰਤੋਂ ਕਰਨ ਨੂੰ ਤਰਜੀਹ ਦੇਣ। ਉਨ੍ਹਾਂ ਇਹ ਵੀ ਦੱਸਿਆ ਕਿ ਆਨਲਾਈਨ ਮਸ਼ੀਨਾਂ ਦੀ ਮੰਗ ਨੂੰ ਘੋਖਣ ਉਪਰੰਤ 6 ਗਰੁੱਪਾਂ ਅਤੇ 1 ਸੁਸਾਇਟੀ ਦੀਆਂ ਮਸ਼ੀਨਾਂ ਨੂੰ  ਆਨਲਾਈਨ ਪ੍ਰਵਾਨਗੀਆਂ ਦੇ ਦਿੱਤੀਆਂ ਗਈਆਂ ਹਨ ਅਤੇ ਜਲਦੀ ਹੀ ਵਿਅਕਤੀਗਤ ਮਸ਼ੀਨਾਂ ਦੀ ਪ੍ਰਵਾਨਗੀ ਆਨਲਾਈਨ ਦੇ ਦਿੱਤੀ ਜਾਵੇਗੀ, ਜਿਸ ਨਾਲ ਲਾਭਪਾਤਰੀ ਸਬੰਧਤ ਫਰਮਾਂ ਤੋਂ ਮਸ਼ੀਨਰੀ ਪ੍ਰਾਪਤ ਕਰ ਸਕਣਗੇ।
ਮੀਟਿੰਗ ਵਿੱਚ ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਦਿਆਲ ਕੁਮਾਰ, ਇੰਜਨੀਅਰ ਸੰਜੀਵ ਸ਼ਰਮਾ ਵਾਈ.ਸੀ.ਟੀ. ਪ੍ਰਾਈਵੇਟ ਲਿਮਟਿਡ, ਸ੍ਰੀ ਸੁਖਰਾਜ ਸਿੰਘ, ਵਾਈ.ਸੀ.ਟੀ. ਪ੍ਰਾਈਵੇਟ ਲਿਮਟਿਡ ਦੇ ਨੁੁਮਾਇੰਦੇ ਅਤੇ ਕਿਸਾਨ ਅਵਤਾਰ ਸਿੰਘ ਪਿੰਡ ਫਤਿਹਪੁਰ ਥੇੜੀ, ਗੁਰਮੀਤ ਸਿੰਘ ਪਿੰਡ ਮੰਡੋਲੀ ਅਤੇ ਅਮਰਜੀਤ ਸਿੰਘ ਮੌਕੇ ਉਤੇ ਹਾਜ਼ਰ ਸਨ।

ਦਿੱਲੀ ਬੱਸ ਗੈਂਗ ਰੇਪ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ

Media Link Team on Saturday 16th May 2026 at 07:30 PM Protest Against Delhi Rape Case    ‎  ਵਾਰਡ ਨੰਬਰ 5 ਦੀ ਵੈਲਫੇਅਰ ਐਸੋਸੀਏਸ਼ਨ ਵਲੋਂ ਰੋਸ ਮੁਜਾਹਰ...